ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਅੰਤਰ-ਰਾਸ਼ਟਰੀ ਮਹਿਲਾ ਦਿਵਸ

ਪਟਿਆਲਾ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਨੰਨੀ ਛਾਂ ਸੈੱਲ ਅਤੇ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਵਲੋਂ ਅੱਜ ਅੰਤਰ-ਰਾਸ਼ਟਰੀ ਮਹਿਲਾ ਦਿਵਸ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾ ਕੇ ਮਨਾਇਆ ਗਿਆ । ਔਰਤਾਂ ਦੀ ਮਹੱਤਤਾ ਅਤੇ ਸਮਾਜ ਵਿੱਚ ਉਨ੍ਹਾਂ ਦਾ ਰੁਤਬਾ ਵਿਸ਼ੇ ਤੇ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਜਿਸ ਦਾ ਸੰਚਾਲਨ ਡਾ. ਬਲਜਿੰਦਰ ਕੌਰ ਨੇ ਕੀਤਾ ਅਤੇ ਇਸ ਮੁਕਾਬਲੇ ਦੀ ਜੱਜਮੈਂਟ ਡਾ. ਬਲਬੀਰ ਕੌਰ ਨੇ ਕੀਤੀ । ਇਸ ਮੌਕੇ ਸਲੋਗਨ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਦਾ ਸੰਚਾਲਨ ਡਾ. ਮਨਵੀਰ ਕੌਰ ਨੇ ਕੀਤਾ। ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਡਾ. ਵੰਦਨਾ ਕਪੂਰ ਦੀ ਅਗਵਾਈ ਹੇਠ ‘ਦਸਤਕ’ ਨਾਮਕ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ। ਇਸ ਮੌਕੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਕੰਪਿਉਟੋਨਿਕਸ ਕਲੱਬ ਵੱਲੋਂ ਵੱਖਰੇ ਤੌਰ ਤੇ ਇਕ ਪੋਸਟਰ ਮੇਕਿੰਗ ਅਤੇ ਕਾਵਿ- ਉਚਾਰਣ ਮੁਕਾਬਲਾ ਵੀ ਕਰਵਾਇਆ ਗਿਆ । ਜਿਨ੍ਹਾਂ ਵਿਚ ਵਿਦਿਆਰਥੀਆਂ ਵੱਲੋਂ ਔਰਤ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੇ ਪੋਸਟਰ ਬਣਾਏ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਨੋਟਿਸ ਬੋਰਡ ਤੇ ਪ੍ਰਦਰਸ਼ਿਤ ਵੀ ਕੀਤਾ ਗਿਆ ।

ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਟਾਫ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਔਰਤਾਂ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਮਾਂ ਸਾਡੇ ਲਈ ਸਭ ਤੋਂ ਵੱਡੀ ਮਨੋਵਿਗਿਆਨੀ ਵੀ ਹੁੰਦੀ ਹੈ ਜੋ ਸਾਨੂੰ ਸਰੀਰ ਦੇ ਨਾਲ-ਨਾਲ ਦਿਮਾਗੀ ਤੌਰ ’ਤੇ ਮਜਬੂਤ ਅਤੇ ਬਹਾਦਰ ਬਣਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਸਮੇਂ ਵਿੱਚ ਔਰਤ ਸੁਤੰਤਰ ਹੈ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਹਮੇਸਾ ਯਤਨਸ਼ੀਲ ਰਹਿੰਦੀ ਹੈ। ਇਸ ਮੌਕੇ ਵਾਈਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਔਰਤਾਂ ਨੂੰ ਸਮਾਜ ਵਿੱਚ ਮਰਦਾਂ ਦੇ ਬਰਾਬਰ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਔਰਤ ਦੇ ਧੀਰਜ, ਮਿਹਨਤੀ ਸੁਭਾਅ ਅਤੇ ਲਗਨ ਵਰਗੇ ਗੁਣਾਂ ਕਾਰਨ ਹੀ ਸਮਾਜ ਵਿੱਚ ਉਸ ਦਾ ਸਤਿਕਾਰ ਕੀਤਾ ਜਾਂਦਾ ਹੈ।

ਇਹ ਸਮਾਗਮ ਡੀਨ ਸਟੂਡੈਂਟ ਵੈਲਫੇਅਰ ਕਮੇਟੀ ਲੜਕੀਆਂ ਪ੍ਰੋ. ਸੁਖਮੀਨ ਕੌਰ ਤੇ ਕਨਵੀਨਰ, ਨੰਨੀ ਛਾਂ ਸੈੱਲ, ਡਾ. ਪੁਸਪਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਪ੍ਰਤੀ ਵਿਵਹਾਰ ਨੂੰ ਬਦਲਣਾ ਬਹੁਤ ਜਰੂਰੀ ਹੈ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਜਿਸਦੀਆਂ ਕਿ ਉਹ ਹੱਕਦਾਰ ਹਨ। ਇਹ ਵੀ ਜਰੂਰੀ ਹੈ ਕਿ ਔਰਤਾਂ ਆਪਣੇ ਪੁੱਤਰਾਂ ਨੂੰ ਔਰਤਾਂ ਪ੍ਰਤੀ ਸਤਿਕਾਰ ਅਤੇ ਬਰਾਬਰੀ ਦਾ ਰਵੱਈਆ ਅਪਣਾਉਣ ਦੀ ਸਿੱਖਿਆ ਦੇਣ। ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਦੀ ਕਨਵੀਨਰ ਡਾ. ਰਾਜਵਿੰਦਰ ਕੌਰ ਨੇ ਇਨਾਮ ਵੰਡ ਸਮਾਗਮ ਲਈ ਹਾਜਰੀਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਔਰਤਾਂ ਦਾ ਯੋਗਦਾਨ ਅਹਿਮ ਹੋਵੇ । ਲੇਖ ਲਿਖਣ ਮੁਕਾਬਲਿਆਂ ਵਿਚ ਬੀ. ਸੀ. ਏ. ਭਾਗ-ਤੀਜਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪਹਿਲਾ, ਐਮ. ਏ. ਹਿਸਟਰੀ ਭਾਗ-ਪਹਿਲਾ ਦੀ ਕਮਲਪ੍ਰੀਤ ਕੌਰ ਨੇ ਦੂਜਾ ਅਤੇ ਬੀ.ਕਾਮ. ਭਾਗ-ਦੂਜਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹੌਂਸਲਾ ਅਫ਼ਜ਼ਾਈ ਇਨਾਮ ਲਈ ਅੰਜਲੀ ਕਿੰਗਰ ਬੀ.ਏ.ਆਨਰਜ ਸੋਸ਼ਲ ਸਾਇੰਸ ਭਾਗ-ਦੂਜਾ ਦੀ ਵਿਦਿਆਰਥਣ ਨੂੰ ਚੁਣਿਆ ਗਿਆ। ਸਲੋਗਨ ਲੇਖਨ ਮੁਕਾਬਲੇ ਵਿੱਚ ਬੀ.ਏ. ਭਾਗ-ਤੀਜਾ ਦੇ ਵਿਦਿਆਰਥੀ ਰਣਜੋਧ ਸਿੰਘ ਨੂੰ ਪਹਿਲਾ ਬੀ.ਏ. ਭਾਗ-ਪਹਿਲਾ ਦੀ ਵਿਦਿਆਰਥਣ ਅੰਜਲੀ ਨੂੰ ਦੂਜਾ ਬੀ. ਏ. ਭਾਗ-ਤੀਜਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਤੀਜਾ ਅਤੇ ਬੀ.ਕਾਮ. ਭਾਗ-ਦੂਜਾ ਦੀ ਵਿਦਿਆਰਥਣ ਦਿਲਜੋਤ ਕੌਰ ਨੂੰ ਹੌਸਲਾ ਅਫਜਾਈ ਇਨਾਮ ਦਿੱਤੇ ਗਏ। ਸਟੇਜ ਸੰਚਾਲਨ ਦੀ ਕਾਰਵਾਈ ਡਾ. ਜਗਰੂਪ ਕੌਰ ਨੇ ਬਖੂਬੀ ਸੰਭਾਲੀ।

Leave a Reply

Your email address will not be published. Required fields are marked *