ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ 16 ਮਾਰਚ ਨੂੰ ਸਹੁੰ ਚੁੱਕੇਗੀ
ਚੰਡੀਗੜ੍ਹ, 11 ਮਾਰਚ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ 16 ਮਾਰਚ ਨੂੰ ਸਹੁੰ ਚੁੱਕੇਗੀ। ਇਸ ਤੋਂ ਪਹਿਲਾਂ 13 ਮਾਰਚ ਨੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਨਗੇ। ਸ੍ਰੀ ਮਾਨ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਪੁੱਜੇ ਤੇ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਪਾਰਟੀ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ-ਬਸਪਾ ਗੱਠਜੋੜ ਨੂੰ ਪਛਾੜ ਕੇ ਸੱਤਾ ਵਿੱਚ ਆਈ ਹੈ।
ਕੌਮੀ ਰਾਜਧਾਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਗਰੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਮਿਲਣ ਜਾ ਰਹੇ ਹਨ ਅਤੇ ਪੰਜਾਬ ਚੋਣਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈ ਦੇਣਗੇ। ਸਰਕਾਰ ਬਾਰੇ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ, ‘ਮੈਂ ਭਲਕੇ ਰਾਜਪਾਲ ਨੂੰ ਮਿਲਾਂਗਾ। ਅਸੀਂ ਅੱਜ ਉਨ੍ਹਾਂ ਤੋਂ ਸਮਾਂ ਮੰਗਾਂਗੇ।’ ਸਹੁੰ ਚੁੱਕ ਸਮਾਗਮ ਨਵਾਂਸ਼ਹਿਰ ਜ਼ਿਲ੍ਹੇ ਦੇ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਵੇਗਾ।
ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਵਿੱਚ 17 ਮੰਤਰੀ ਹੋਣਗੇੇ: ਭਗਵੰਤ ਮਾਨ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਅੱਜ ਆਪ ਦੀ ਮੀਟਿੰਗ ਵਿਚ ਮੁੱਖ ਮੰਤਰੀ ਅਹੁਦੇ ਦੇ ਸੰਭਾਵੀ ਉਮੀਦਵਾਰ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਨਵੀਂ ਕੈਬਨਿਟ ਵਿਚ 17 ਮੰੰਤਰੀ ਹੋਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਭਲਕੇ ਸਵੇਰੇ ਸਾਢੇ ਦਸ ਵਜੇ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

