ਕਾਂਗਰਸ ਟੇਢੀਆ ਬਹਾਨੇਬਾਜ਼ੀਆਂ ਬਣਾ ਕੇ ਟਾਲਣ ਦੀ ਬਜਾਏ ਕਿਸਾਨਾ ਦਾ ਕਰਜ਼ਾ ਮੁਆਫ ਕਰ ਆਪਣਾ ਚੋਣ ਵਾਆਦਾ ਨਿਭਾਏ: ਪ੍ਰੋ. ਚੰਦੂਮਾਜਰਾ
ਅਮਰਿੰਦਰ ਦੇ ਰਾਜ ਦੇ ਪਹਿਲੇ ਮਹੀਨੇ ਵਿਚ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਹੋਈਆਂ ਦੁਗਣੀਆਂ
ਪਟਿਆਲਾ, 29 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚੋਣਾ ਤੋਂ ਪਹਿਲਾਂ ਮੰਡੀਆਂ ਅਤੇ ਖੇਤਾਂ ਵਿਚ ਜਾ ਕੇ ਫਾਰਮ ਭਰਵਾ ਕੇ ਕਿਸਾਨਾ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕਰਨ ਵਾਲੀ ਕਾਂਗਰਸ ਨੂੰ ਆਪਣਾ ਚੋਣ ਵਾਅਦਾ ਪਹਿਲ ਦੇ ਅਧਾਰ ‘ਤੇ ਪੂਰਾ ਕਰਨਾ ਚਾਹੀਦਾ ਹੈ, ਜਦੋਂ ਕਿ ਕਾਂਗਰਸ ਦੀ ਹੁਣ ਤੱਕ ਦੀ ਕਾਰਗੁਜਾਰੀ ਦਾ ਸਵਾਲ ਹੈ ਤਾਂ ਕਾਂਗਰਸ ਟੇਢੀਆ ਬਹਾਨੇਬਾਜ਼ੀਆਂ ਬਣਾ ਕੇ ਜਾਣ ਬੁਝ ਕੇ ਕਰਜ਼ਾ ਮੁਆਫੀ ਦੇ ਮੁੱਦੇ ਨੂੰ ਟਾਲਣ ਵਿਚ ਜੁਟੀ ਹੋਈ ਹੈ, ਜੋ ਕਿ ਸਿੱਧੇ ਤੌਰ ‘ਤੇ ਪੰਜਾਬ ਲੱਖਾਂ ਕਿਸਾਨਾ ਨਾਲ ਧੋਖਾ ਹੈ।
ਪ੍ਰੋ. ਚੰਦੂਮਾਜਰਾ ਸ੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਸਗਿੰਦਰਪਾਲ ਸਿੰਘ ਸਨੀ ਔਲਖ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੱਕ ਪਾਸੇ ਉਤਰ ਪ੍ਰਦੇਸ ਦੀ ਜੋਗੀ ਸਰਕਾਰ ਹੈ,ਜਿਸ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਕਿਸਾਨਾ ਦਾ ਕਰਜ਼ਾ ਮੁਆਫ ਕੀਤਾ ਅਤੇ ਦੂਜੇ ਪਾਸੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ,ਜਿਹੜੀ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਸ ਨਤੀਜੇ ਨਹੀਂ ਪਹੁੰਚੀ ਕਿ ਆਖਰ ਕਰਜ਼ਾ ਕਦੋਂ ਮੁਆਫ ਕਰਨਾ ਹੈ।
ਮੈਂਬਰ ਪਾਰਲੀਮੈਂਟ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੂਜੇ ਪਾਸੇ ਕਾਂਸਰਸ ਰਾਜ ਦੇ ਪਹਿਲੇ ਮਹੀਨੇ ਵਿਚ ਹੀ ਰੇਤ ਅਤੇ ਬਜਰੀਆਂ ਦੀਆਂ ਕੀਮਤਾਂ ਦੁਗਣੀਆਂ ਹੋ ਗਈਆਂ ਹਨ। ਚੋਣਾਂ ਵਿਚ ਰੇਤਾ-ਬਜਰੀ ਮਾਫੀਆ ਦੀ ਗੱਲ ਕਰਨ ਵਾਲੀ ਕਾਂਗਰਸ ਨੇ ਨਾ ਕੇਵਲ ਰੇਤਾ-ਬਜਰੀ ਸਗੋਂ ਸ਼ਰਾਬ ਤੱਕ ਦਾ ਮਾਫੀਆ ਬਣਾ ਦਿੱਤਾ ਹੈ। ਪੰਜਾਬ ਵਿਚ ਅੱਜ ਰੇਤੇ ਅਤੇ ਬਜਰੀ ਦੀਆਂ ਕੀਮਤਾਂ ਆਮ ਲੋਕਾਂ ਦੇ ਵਸ ਤੋਂ ਬਾਹਰ ਹੋ ਗਈਆਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿਚ ਵਿਕਾਸ ਦੇ ਕੰਮਾਂ ‘ਤੇ ਬਰੇਕ ਲੱਗ ਗਈ ਹੈ। ਇੱਕ ਤਾਂ ਅਕਾਲੀ ਭਾਜਪਾ ਸਰਕਾਰ ਦੇ ਦਿੱਤੇ ਪੈਸੇ ਵਾਪਸ ਮੰਗਵਾ ਲਏ ਗਏ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੁਣ ਤੱਕ ਇੱਕ ਮਹੀਨੇ ਵਿਚ ਰੇਤਾ ਮਾਫੀਆ ਵਾਲਿਆਂ ਦੇ ਖਿਲਾਫ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ ਅਤੇ ਨਾ ਹੀ ਆਮ ਲੋਕਾਂ ਦੀ ਲੁੱਟ ਨੂੰ ਰੋਕਣ ਲਈ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਗਿੰਦਰਪਾਲ ਸਿੰਘ ਸਨੀ ਔਲਖ, ਤੇਜਾ ਸਿੰਘ ਕਾਨਾਹੇੜੀ, ਸੰਦੀਪ ਸਿੰਘ ਰਾਜਾ, ਜਸਵਿੰਦਰਪਾਲ ਸਿੰਘ ਚੱਢਾ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

