ਖ਼ਾਲਸਾ ਕਾਲਜ ਵੈਟਰਨਰੀ ਵਿਖੇ ਔਰਤਾਂ ਲਈ ਡੇਅਰੀ ਫਾਰਮਿੰਗ ਟ੍ਰੇਨਿੰਗ ਦਾ ਅਗਾਜ਼
ਅੰਮ੍ਰਿਤਸਰ, 12 ਮਾਰਚ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਟੈਂਸ਼ਨ ਐਜ਼ੂਕੇਸ਼ਨ ਵਿਭਾਗ ਵੱਲੋਂ ‘ਡੇਅਰੀ ਫਾਰਮਿੰਗ’ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਪਿ੍ਰੰਸੀਪਲ ਡਾ. ਐਚ. ਕੇ. ਵਰਮਾ ਅਤੇ ਮੈਨੇਜਿੰਗ ਡਾਇਰੈਕਟਰ, ਡਾ. ਐਸ. ਕੇ. ਨਾਗਪਾਲ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ: ਵਰਮਾ ਨੇ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ ਕਰਦਿਆਂ ਐਗਰੀਕਲਚਰ ਅਤੇ ਵੈਟਰਨਰੀ ਸਟ੍ਰੀਮ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਕੋਰਸ ’ਚ ਵਿਦਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੇ ਚਾਰੇ, ਪ੍ਰਜਨਨ, ਡੇਅਰੀ ਪ੍ਰਬੰਧਨ, ਪਸ਼ੂ ਪਾਲਣ ਅਤੇ ਵੱਖ ਵੱਖ ਉਤਪਾਦਾਂ ਦੇ ਮੰਡੀਕਰਣ ਸਬੰਧੀ ਵੀ ਪੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਇਸ ਸਬੰਧੀ ਵੀ ਵਿਵਹਾਰਕ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਕਿ ਉਹ ਕਿਸ ਤਰ੍ਹਾਂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਬਿਮਾਰ ਅਤੇ ਤੰਦਰੁਸਤ ਪਸ਼ੂਆਂ ’ਚ ਅੰਤਰ ਕਰਨ ਦੇ ਨਾਲ ਉਨ੍ਹਾਂ ਦੇ ਮੁੱਢਲੀ ਸਿਹਤ ਮਾਪਦੰਡਾਂ ਅਨੁਸਾਰ ਉਨ੍ਹਾਂ ਨੂੰ ਫਸਟ ਏਡ ਸਬੰਧੀ ਦਵਾਈ ਦੇਣ ਦੀ ਸਿੱਖਿਆ ਵੀ ਦਿੱਤੀ ਜਾਵੇਗੀ।
ਇਸ ਮੌਕੇ ਡਾ. ਨਾਗਪਾਲ ਨੇ ਆਪਣੇ ਸਵਾਗਤੀ ਭਾਸ਼ਣ ’ਚ ਕਾਲਜ ਦੇ ਸੰਖੇਪ ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਸ ਦੌਰਾਨ ਸੀ. ਈ. ਡੀ. ਐਸ. ਆਈ. ਅਤੇ ਵੈਟਰਨਰੀ ਕਾਲਜ ਦਰਮਿਆਨ ਪ੍ਰਤੀਭਾਗੀਆਂ ਨੂੰ ‘ਡੇਅਰੀ ਫਾਰਮਿੰਗ ਸਕਿੱਲਜ’ ਸਬੰਧੀ ਟ੍ਰੇਨਿੰਗ ਮੁਹੱਈਆ ਕਰਵਾਉਂਣ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਤੋਂ ਜਾਣਕਾਰੀ ਲੈਣ ਲਈ ਉਤਸਾਹਿਤ ਕਰਨ ਲਈ ਹੋਏ ਟਾਈਅੱਪ ਦਾ ਵੀ ਜ਼ਿਕਰ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਪੀ. ਕੇ. ਸਿੰਘ, ਹੈਡ ਆਫ਼ ਡਿਪਾਰਟਮੈਂਟ, ਲਾਈਵਸਟਾਕ ਫਾਰਮ ਕੰਪਲੈਕਸ ਵੱਲੋਂ ‘ਵਪਾਰਿਕ ਡੇਅਰੀ ਫਾਰਮਿੰਗ ਲਈ ਡੇਅਰੀ ਜਾਨਵਰਾਂ ਦੀਆਂ ਮਹੱਤਵਪੂਰਨ ਨਸ਼ਲਾਂ’ ’ਤੇ ਭਾਸ਼ਣ ਤੋਂ ਹੋਈ।
ਇਸ ਤੋਂ ਪਹਿਲਾਂ ਡਾ: ਵਰਮਾ ਨੇ ਕਿਹਾ ਕਿ ਇਹ ਵੈਟਰਨਰੀ ਕਾਲਜ ਦਾ ਪਹਿਲਾ ਅਜਿਹਾ ਡੇਅਰੀ ਟ੍ਰੇਨਿੰਗ ਪ੍ਰੋਗਰਾਮ ਹੈ, ਜੋ ਕਿ ਸਿਰਫ਼ ਔਰਤਾਂ ਲਈ ਹੀ ਲਗਾਇਆ ਗਿਆ ਹੈ ਅਤੇ ਇਸ ’ਚ ਬੀ.ਐਸਸੀ ਐਗਰੀਕਲਚਰ ਦੀਆਂ ਵਿਦਿਆਰਥਣਾਂ ਭਾਗ ਲੈ ਰਹੀਆਂ ਹਨ, ਜਿਸ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ-2022 ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਡਾ. ਪੀ. ਐਨ. ਦਿਵੇਦੀ, ਡਾ. ਪੀ. ਐਸ. ਮਾਵੀ, ਡਾ. ਐਸ. ਕੇ. ਕੋਤਵਾਲ, ਡਾ. ਪੀ. ਕੇ. ਸਿੰਘ, ਡਾ. ਵੀ. ਕੇ. ਬੇਲਸੇਰੇ, ਡਾ. ਨਰੇਸ਼ ਕੁਮਾਰ, ਡਾ. ਐਸ. ਐਸ. ਢਿੱਲੋਂ, ਡਾ. ਮਨਬੀਰ ਸਿੰਘ, ਡਾ. ਪ੍ਰਗਿਆ ਜੋਸ਼ੀ, ਡਾ. ਰਿਨਮੁਆਨਪੁਈ ਰਾਲਟੇ ਆਦਿ ਮੌਜੂਦ ਸਨ।

