ਸਿੱਖ ਵਾਤਾਵਰਣ ਦਿਵਸ ਮੌਕੇ ਸੰਤ ਸੀਚੇਵਾਲ ਨੇ ਬੂਟੇ ਲਗਾਏ
ਨਵੀਂ ਸਰਕਾਰ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਪਹਿਲ ਕਦਮੀ ਕਰੇ-ਸੰਤ ਸੀਚੇਵਾਲ

ਸੰਤ ਲਾਲ ਸਿੰਘ ਜੀ ਦੀ 44ਵੀਂ ਬਰਸੀ ਦੇ ਸਮਾਗਮ ਸ਼ੁਰੂ

ਸੁਲਤਾਨਪੁਰ ਲੋਧੀ, 14 ਮਾਰਚ (ਮਧੂਸਾਰ ਬਿਊਰੋ) ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਉਣ ਦੀ ਪਾਈ ਗਈ ਪਿਰਤ ਦੇ ਚਲਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੂਟੇ ਲਗਾਏ ਗਏ। ਇਹ ਬੂਟੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸਕੈਡੰਰੀ ਸਕੂਲ ਦੇ ਕੰਪੈਂਸ ਵਿੱਚ ਲਗਾਏ ਹਨ। ਇੰਨ੍ਹਾਂ ਬੂਟਿਆਂ ਵਿੱਚ ਜਿੱਥੇ ਬਹੁਤ ਸਾਰੇ ਹਰਬਲ ਦੇ ਬੂਟੇ ਸਨ ਉਥੇ ਸਜਵਾਟੀ ਤੇ ਫੁੱਲਦਾਰ ਬੂਟੇ ਵੀ ਸ਼ਾਮਿਲ ਸਨ। ਸੰਤ ਸੀਚੇਵਾਲ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਹਰ ਖੁਸ਼ੀ ਦੇ ਮੌਕਿਆਂ ਉਪਰ ਘੱਟੋ ਘੱਟੋ ਇੱਕ-ਇੱਕ ਬੂਟਾ ਜ਼ਰੂਰ ਲਗਾਉਣ ਤਾਂ ਜੋ ਸੋਨੇ ਦੀ ਚਿੜੀ ਅਖਵਾਉਂਦੇ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾ ਸਕੇ। ਇਸ ਮੌਕੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਬੂਟਿਆਂ ਦੇ ਪ੍ਰਸ਼ਾਦ ਲਈ ਸਟਾਲ ਵੀ ਲਗਾਇਆ ਗਿਆ ਸੀ।
ਨਿਰਮਲ ਕੁਟੀਆ ਸੀਚੇਵਾਲ ਵਿੱਚ ਸੰਤ ਲਾਲ ਸਿੰਘ ਜੀ ਦੀ 44ਵੀਂ ਸਲਾਨਾ ਬਰਸੀ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਵੀ ਆਰੰਭ ਹੋ ਗਏ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ੁਰੂ ਹੋਏ ਨਵੇਂ ਸਾਲ ਦੀਆਂ ਗੁਰਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆ ਤੇ ਚੇਤ ਮਹੀਨੇ ਦੀ ਸੰਗਰਾਂਦ ਦੀ ਕਥਾ ਕੀਤੀ। ਸੰਤ ਸੀਚੇਵਾਲ ਨੇ ਕਿਹਾ ਕਿ ਜਿੱਥੇ ਅੱਜ ਸਿੱਖ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਕੌਮਾਂਤਰੀ ਦਰਿਆ ਦਿਵਸ ਵੀ ਮਨਾਇਆ ਜਾ ਰਿਹਾ ਹੈ। ਦੋਵੇਂ ਮਾਮਲੇ ਵਾਤਾਵਰਣ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਦਰਿਆ ਸਾਡੀਆਂ ਜੀਵਨ ਰੇਖਵਾਂ ਹੀ ਨਹੀਂ ਸਗੋਂ ਸਾਡੇ ਸਰੀਰ ਦੀਆਂ ਨਾੜੀਆਂ ਹਨ। ਇੰਨ੍ਹਾਂ ਦਰਿਆਵਾਂ ਦਾ ਪਲੀਤ ਹੋਣਾ ਬੜੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੁਦਰਤੀ ਸੋਮਿਆ ਦੀ ਸੰਭਾਲ ਕੀਤੀ ਜਾਵੇ ਤੇ ਦਰਿਆਵਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਉਨ੍ਹਾਂ ਗੁਰਬਾਣੀ ਦੇ ਹਵਾਲਾ ਦਿੰਦਿਆ ਕਿਹਾ ਕਿ ਪਾਣੀ ਤੋਂ ਬਿਨ੍ਹਾਂ ਜੀਵਨ ਨਹੀਂ। ਦੁਨੀਆਂ ਦਾ ਕੋਈ ਧਰਮ ਨਹੀਂ ਜੋ ਸਾਨੂੰ ਕੁਦਰਤ ਦੇ ਬਖਸ਼ੇ ਭੰਡਾਰਾਂ ਦਾ ਸਤਿਕਾਰ ਕਰਨਾਂ ਨਾ ਸਖਾਉਂਦਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਧਾਰਮਿਕ ਮੁੱਦੇ ਤੇ ਲੜਨਾਂ ਜਾਣਦੇ ਹਾਂ ਪਰ ਧਰਮ ਦੀ ਦਿੱਤੀ ਨਸੀਹਤ ‘ਤੇ ਚੱਲਣਾ ਨਹੀਂ ਚਹੁੰਦੇ।
ਸੰਤ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਵਿਸ਼ਵ ਪੱਧਰ ‘ਤੇ ਤਾਂ ਪਾਣੀ, ਧਰਤੀ, ਵਾਤਾਵਰਣ ਸਮੇਤ ਅਨੇਕਾਂ ਹੀ ਦਿਵਸ ਮਨਾਉਂਦੇ ਹਾਂ ਪਰ ਹਕੀਕੀ ਤੌਰ ‘ਤੇ ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ। ਪੰਜਾਬ ਕੋਲ ਸਿਰਫ 17 ਸਾਲ ਦਾ ਪਾਣੀ ਬਚਿਆ ਹੈ। ਸੂਬੇ ਵਿੱਚ 15 ਲੱਖ ਤੋਂ ਵੱਧ ਮੋਟਰਾਂ ਲੱਗੀਆ ਹੋਈਆਂ ਹਨ ਤੇ ਲਗਾਤਾਰ ਧਰਤੀ ਹੇਠੋਂ ਪਾਣੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 16 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਂਦ ਵਿੱਚ ਆਉਣ ਵਾਲੀ ਨਵੀਂ ਸੂਬਾ ਸਰਕਾਰ ਅੱਗੇ ਪੰਜਾਬ ਦੇ ਦਰਿਆਵਾਂ ਨੂੰ ਸਾਫ ਰੱਖਣਾ ਵੱਡੀ ਚਣੌਤੀ ਹੈ। ਉਨ੍ਹਾਂ ਨਵੀਂ ਆਪ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਦਰਿਆਵਾਂ ਨੂੰ ਸਾਫ ਸੁਥਰਾ ਰੱਖਣ ਦੀ ਪਹਿਲ ਕਦਮੀ ਕੀਤੀ ਜਾਵੇ ਤਾਂ ਜੋ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾਵੇ।
ਸੰਤ ਸੀਚੇਵਾਲ ਨੇ ਕਿਹਾ ਪੰਜਾਬ ਵਿੱਚ ਬਾਬੇ ਨਾਨਕ ਦੀ ਵੇਈਂ (ਨਦੀ) ਨੂੰ ਪੰਜਾਬ ਸਰਕਾਰ ਨੇ 2006 ਵਿੱਚ ਪਵਿੱਤਰ ਨਦੀਂ ਐਲਾਨਿਆ ਸੀ ਪਰ ਅੱਜ ਵੀ ਇਸ ਵਿੱਚ ਸਾਫ਼ ਪਾਣੀ ਤਾਂ ਵੱਗਦਾ ਹੈ ਪਰ ਕਈ ਥਾਵਾਂ ਤੋਂ ਇਸ ਵਿੱਚ ਗੰਦੇ ਪਾਣੀ ਪੈ ਰਹੇ ਹਨ। ਇਸ ਮੌਕੇ ਕਰਵਾਏ ਗਏ ਢਾਡੀ ਦਰਬਾਰ ਦੌਰਾਨ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਗਾ ਕੇ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਵ ਦੇ ਕੀਰਤਨੀ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਪਾਲ ਸਿੰਘ ਨੌਲੀ, ਸਰਪੰਚ ਤਜਿੰਦਰ ਸਿੰਘ, ਪ੍ਰਧਾਨ ਗੁਰਬਖਸ਼ ਕੌਰ, ਪੰਚ ਬੂਟਾ ਸਿੰਘ, ਅਮਰੀਕ ਸਿੰਘ ਸ਼ੰਧੂ, ਗੁਰਦੀਪ ਸਿੰਘ, ਸਤਨਾਮ ਸਿੰਘ, ਦਇਆ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।

