ਪਟਿਆਲਾ

ਮੋਦੀ ਕਾਲਜ ਵੱਲੋਂ ਅਲੂਮਨੀ ਮੀਟ ਦਾ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਆਪਣੇ ਸਾਬਕਾ ਵਿਦਿਆਰਥੀ, ਜੋ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਹਨ, ਨਾਲ ਸਾਰਥਿਕ ਸੰਵਾਦ ਦੀ ਰੀਤ ਜਾਰੀ ਰੱਖਣ ਅਤੇ ਉਹਨਾਂ ਨੂੰ ਕਾਲਜ ਦੇ ਅਗਲੇਰੇ ਵਿਕਾਸ ਦੀ ਯਾਤਰਾ ਵਿੱਚ ਭਾਗੀਦਾਰ ਬਣਾਉਣ ਦੇ ਉਦੇਸ਼ ਨਾਲ ਇੱਕ ਰੋਜ਼ਾ ਅਲੂਮਨੀ ਮੀਟ ਦਾ ਆਯੋਜਨ ਕੀਤਾ।ਇਸ ਮੀਟ ਦੌਰਾਨ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਜਿੱਥੇ ਆਪਣੇ ਅਨੁਭਵ ਤੇ ਆਪਣੀ ਪੇਸ਼ਾਵਰ ਤਰੱਕੀ ਬਾਰੇ ਵੇਰਵੇ ਇੱਕ-ਦੂਜੇ ਨਾਲ ਸਾਂਝਿਆਂ ਕਰਨ ਦਾ ਮੌਕਾ ਮਿਲਿਆ ਉੱਥੇ ਉਹਨਾਂ ਨੇ ਕਾਲਜ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਅਹਿਦ ਵੀ ਲਿਆ।

ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਅਲੂਮਨੀ ਮੀਟ ਦੇ ਵਿੱਚ ਸਾਰੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਉੱਪਰ ਮੋਦੀ ਕਾਲਜ ਨੂੰ ਸਦਾ ਮਾਣ ਰਿਹਾ ਹੈ ਅਤੇ ਕਾਲਜ ਉਹਨਾਂ ਦੀ ਸਫਲਤਾ ਤੇ ਸਖ਼ਤ ਮਿਹਨਤ ਦੀਆਂ ਕਹਾਣੀਆਂ ਤੋਂ ਹੋਰ ਵਧੀਆ ਵਿੱਦਿਅਕ ਕਾਰਜ ਕਰਨ ਲਈ ਪ੍ਰੇਰਨਾ ਲੈਂਦਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਮੋਦੀ ਕਾਲਜ ਤੋਂ ਤਾਲੀਮ ਜਾਫਤਾ ਵਿਦਿਆਰਥੀ- ਵੱਖ ਵੱਖ ਉੱਚ ਅਹੁਦਿਆਂ ਅਤੇ ਸਨਮਾਨਿਤ ਪਦਵੀਆਂ ਤੇ ਆਪਣੀਆਂ ਸੇਵਾਵਾਂ ਦੇਣ ਦੇ ਨਾਲ ਨਾਲ ਸਮਾਜ-ਭਲਾਈ ਤੇ ਪਰਉਪਕਾਰੀ ਕੰਮਾਂ ਵਿੱਚ ਜੁਟੇ ਹੋਏ ਹਨ ਜਿਸ ਨਾਲ ਕਾਲਜ ਦਾ ਸਿਰ ਫ਼ਖਰ ਨਾਲ ਉੱਚਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਕਾਲਜ ਉੱਚ ਸਿੱਖਿਆ ਸੰਸਥਾਨਾਂ ਤੇ ਸਕੂਲਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਨ ਦੀਆਂ ਯੋਜਨਾਵਾਂ ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਅਲੂਮਨੀ ਐਸੋਸੀਏਸ਼ਨ ਦੀ ਭੂਮਿਕਾ ਬਹੁਤ ਅਹਿਮ ਹੈ।

ਇਸ ਮੌਕੇ ਤੇ ਅਲੂਮਨੀ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਡਾ.ਬੀ.ਬੀ.ਸਿੰਗਲਾ ਨੇ ਐਸੋਸੀਏਸ਼ਨ ਮੈਂਬਰਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਅਤੇ ਭਵਿੱਖ ਦੇ ਵਿਦਿਆਰਥੀਆਂ ਦਾ ਮਾਰਗ-ਦਰਸ਼ਕ ਬਣਨ ਦਾ ਸੱਦਾ ਦਿੱਤਾ।ਇਸ ਮੌਕੇ ਤੇ ਬਹੁਤ ਸਾਰੇ ਮੈਂਬਰਾਂ ਨੇ ਮੋਦੀ ਕਾਲਜ ਦੁਆਰਾ ਪ੍ਰਦਾਨ ਕੀਤੀ ਸਿੱਖਿਆ ਤੇ ਸਿਖਲਾਈ ਲਈ ਸਾਰੇ ਅਧਿਆਪਕਾਂ ਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਲਾਈਫ਼ ਸਾਇੰਸਿਜ਼ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਡਾ. ਭਾਨਵੀ ਵਧਾਵਨ ਨੇ ਬਾਖ਼ੂਬੀ ਨਿਭਾਦਿਆਂ ਕਾਲਜ ਵੱਲੋਂ ਚਲਾਏ ਜਾ ਰਹੇ ਕੋਰਸਾਂ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵਾਤਾਵਰਣ ਮੁੱਦਿਆਂ ਅਤੇ ਜਲਵਾਯੂ-ਪਰਿਵਰਤਨ ਸਬੰਧੀ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਵੀ ਖੇਡਿਆ। ਮਿਸ. ਰਵਨੂਰ ਕੌਰ ਨੇ ਇਸ ਮੌਕੇ ਤੇ ਇੱਕ ਗੀਤ ਵੀ ਪੇਸ਼ ਕੀਤਾ।

ਕਾਲਜ ਅਲੂਮਨੀ ਐਸੋਸੀਏਸ਼ਨ ਪ੍ਰੈਜ਼ੀਡੈਂਟ, ਬਰਗੇਡੀਅਰ (ਰਿਟਾਇਰਡ) ਡਾ.ਐੱਸ.ਐੱਸ ਪਰਵਾਰ ਨੇ ਮੋਦੀ ਕਾਲਜ ਦੁਆਰਾ ਪ੍ਰਦਾਨ ਕੀਤੀ ਜਾਂਦੀ ਉੱਚ-ਮਿਆਰੀ ਸਿੱਖਿਆ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਮੋਦੀ ਕਾਲਜ ਸਿੱਖਿਆ ਦੇ ਖੇਤਰ ਵਿੱਚ ਉੱਤਰੀ ਭਾਰਤ ਦਾ ਪ੍ਰਮੁੱਖ ਅਦਾਰਾ ਬਣ ਚੁੱਕਿਆ ਹੈ।ਅਲੂਮਨੀ ਐਸੋਸੀਏਸ਼ਨ ਦੇ ਸਕੱਤਰ ਸ੍ਰੀ.ਮਾਨਕ ਸਿੰਗਲਾ ਨੇ ਮੋਦੀ ਕਾਲਜ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਤੇ ਐਸੋਸੀਏਸ਼ਨ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੀਟ ਵਿੱਚ ਸੌ ਦੇ ਕਰੀਬ ਅਲੂਮਨੀ ਐਸੋਸੀਏਸ਼ਨ ਮੈਂਬਰਾਂ ਤੋਂ ਬਿਨਾਂ ਸਾਰੇ ਅਧਿਆਪਕਾਂ ਤੇ ਸਟਾਫ਼ ਨੇ ਭਾਗ ਲਿਆ।

Leave a Reply

Your email address will not be published. Required fields are marked *