ਮੇਰੀਆਂ ਲਿਖ਼ਤਾਂ ਮੇਰੇ ਦ੍ਰਿਸ਼ਟੀਕੋਣ ਦੀ ਨੁਮਾਇੰਦਗੀ ਕਰਦੀਆਂ ਹਨ : ਅਰੁੰਧਤੀ ਰਾਏ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਹੜੇ ਪਹਿਲੀ ਵਾਰ ਪਹੁੰਚੀ ਕੌਮਾਂਤਰੀ ਲੇਖਕ ਅਤੇ ਕਾਰਕੁਨ ਅਰੁੰਧਤੀ ਰਾਏ ਨੇ ਕਿਹਾ ਕਿ ਜਾਤ ਪ੍ਰਥਾ ਨੇ ਸਮਾਜ ਵਿੱਚ ਵੰਡੀਆਂ ਪਾਈਆਂ ਹੋਈਆਂ ਹਨ ਜਿਸ ਦੇ ਖ਼ਾਤਮੇ ਬਿਨਾ ਇੱਕ ਚੰਗੇ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ। ਹੋਰਨਾਂ ਵੱਖ-ਵੱਖ ਸਮੱਸਿਆਵਾਂ ਬਾਰੇ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਇੱਕ ਸਭ ਤੋਂ ਵੱਡੀ ਸਮੱਸਿਆ ਦੱਸਣੀ ਹੋਵੇ ਤਾਂ ਉਹ ਜਾਤ ਪ੍ਰਥਾ ਹੀ ਹੈ। ਜਾਤੀਵਾਦ ਨੂੰ ਹੁਲਾਰਾ ਦੇਣ ਵਾਲੀਆਂ ਅਖੌਤੀ ਧਾਰਮਿਕ ਜਥੇਬੰਦੀਆਂ ਉੱਪਰ ਵੀ ਉਨ੍ਹਾਂ ਵੱਲੋਂ ਸਿੱਧੀਆਂ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਨੂੰ ਜਾਤ, ਧਰਮ, ਭਾਸ਼ਾ ਆਦਿ ਸਭ ਵੰਡੀਆਂ ਤੋਂ ਉੱਪਰ ਉੱਠ ਕੇ ਆਪਸੀ ਇੱਕਜੁੱਤਾ ਦੀ ਲੋੜ ਹੈ।

ਸੰਨੀ ਓਬਰਾਇ ਆਰਟਸ ਆਡੀਟੋਰੀਅਮ ਵਿੱਚ ਹੋਏ ਇਸ ਪ੍ਰੋਗਰਾਮ ਦੌਰਾਨ ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ (ਈ.ਐੱਮ. ਐੱਮ.ਆਰ. ਸੀ.) ਦੇ ਡਾਇਰੈਕਟਰ ਦਲਜੀਤ ਅਮੀ ਵੱਲੋਂ ਉਨ੍ਹਾਂ ਨਾਲ ਸੰਵਾਦ ਰਚਾਇਆ ਗਿਆ। ਮੰਚ ਉੱਪਰ ਇਨ੍ਹਾਂ ਦੋਹਾਂ ਬੁਲਾਰਿਆਂ ਦੀ ਗੱਲਬਾਤ ਉਪਰੰਤ ਇੱਥੇ ਹਾਜ਼ਰ ਦਰਸ਼ਕਾਂ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਵਿੱਚ ਉਨ੍ਹਾਂ ਵੱਲੋਂ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਕਿਸਾਨੀ ਸੰਘਰਸ਼ ਦੌਰਾਨ ਪੰਜਾਬੀਆਂ ਦੀ ਭੂਮਿਕਾ ਸੰਬੰਧੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੇ ਇੱਕ ਉਮੀਦ ਪੈਦਾ ਕੀਤੀ ਹੈ। ਇਸ ਸੰਘਰਸ਼ ਨੇ ਅਵਾਮ ਨੂੰ ਦੱਸਿਆ ਹੈ ਕਿ ਆਪਣੇ ਵਾਜਿਬ ਹੱਕਾਂ ਲਈ ਹਕੂਮਤ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।

ਕਸ਼ਮੀਰ ਮੁੱਦੇ ਸੰਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਇਸ ਸੰਬੰਧੀ ਉਹ ਜੋ ਵੀ ਕਹਿਣਾ ਚਾਹੁੰਦੇ ਹਨ ਉਹ ਆਪਣੀਆਂ ਗਲਪ ਅਤੇ ਵਾਰਤਕ ਦੀਆਂ ਦੀਆਂ ਵੱਖ-ਵੱਖ ਲਿਖ਼ਤਾਂ ਵਿੱਚ ਪਹਿਲਾਂ ਹੀ ਕਹਿ ਚੁੱਕੇ ਹਨ। ਇਸ ਲਈ ਇਸ ਮੁੱਦੇ ਉੱਪਰ ਉਨ੍ਹਾਂ ਦੀ ਸਮੁੱਚੀ ਸਮਝ ਬਾਰੇ ਜਾਨਣ ਲਈ ਉਨ੍ਹਾਂ ਦੀਆਂ ਲਿਖ਼ਤਾਂ ਨੂੰ ਪੜ੍ਹਿਆ ਜਾ ਸਕਦਾ। ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਬਾਰੇ ਆਪਣੇ ਵਿਅੰਗਾਤਮਕ ਅੰਦਾਜ਼ ਵਿੱਚ ਟਿੱਪਣੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ ਨੂੰ ਚਾਰ ਲੋਕ ਹੀ ਚਲਾ ਰਹੇ ਹਨ ਜਿਨ੍ਹਾਂ ਵਿੱਚੋਂ ਦੋ ਲੋਕ ਖਰੀਦਦਾਰੀ ਦਾ ਕੰਮ ਕਰਦੇ ਹਨ ਅਤੇ ਦੋ ਵੇਚਣ ਦਾ। ਉਨ੍ਹਾਂ ਕਿਹਾ ਕਿ ਜਦ ਮੁੱਖ ਧਾਰਾ ਦੇ ਮੀਡੀਆ ਸਮੇਤ ਸਟੇਟ ਦੀ ਬਹੁਤੀ ਮਸ਼ੀਨਰੀ ਦੁਰਵਰਤੋਂ ਦੇ ਰਾਹ ਪਾ ਦਿੱਤੀ ਹੋਵੇ ਤਾਂ ਦੇਸ ਦਾ ਆਮ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ਼ ਕਿਸ ਤਰ੍ਹਾਂ ਕਰ ਸਕਦਾ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਨਰਮਦਾ ਡੈਮ ਸੰਘਰਸ਼ ਵੇਲੇ ਦੇ ਆਪਣੇ ਅਨੁਭਵ ਸਾਂਝੇ ਕੀਤੇ ਗਏ ਕਿ ਕਿਵੇਂ ਉੱਥੋਂ ਦੇ ਸਥਾਨਕ ਆਦਿਵਾਸੀ ਲੋਕਾਂ ਨੂੰ ਵਿਕਾਸ ਦੇ ਨਾਮ ਉੱਤੇ ਉਜਾੜਿਆ ਗਿਆ। ਇਸ ਸੰਬੰਧੀ ਉਨ੍ਹਾਂ ਵੱਲੋਂ ਆਪਣੀ ਇੱਕ ਪੁਰਾਣੀ ਲਿਖ਼ਤ ਵਿੱਚੋਂ ਕੁੱਝ ਸਮੱਗਰੀ ਵੀ ਸਾਂਝੀ ਕੀਤੀ ਗਈ ਜਿਸ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਕਿਵੇਂ ਉਸ ਇਲਾਕੇ ਦੇ ਲੋਕਾਂ ਵਾਂਗ ਸਭ ਨੂੰ ਆਪੋ ਆਪਣੇ ਹੱਕਾਂ ਨੂੰ ਬਚਾਉਣ ਲਈ ਸੰਘਰਸ਼ ਕਰਨ ਦੀ ਲੋੜ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਪਣੇ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਆਪਣਾ ਨਾਵਲਕਾਰ ਹੋਣਾ ਆਨੰਦ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹਨ। ਆਪਣੀਆਂ ਲਿਖ਼ਤਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਲਿਖ਼ਤਾਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਨੁਮਾਇੰਦਗੀ ਕਰਦੀਆਂ ਹਨ। ਇਸ ਲਈ ਕਿਸੇ ਵੀ ਮੁੱਦੇ ਉਪਰ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਜਾਨਣ ਲਈ ਉਨ੍ਹਾਂ ਦੀਆਂ ਲਿਖ਼ਤਾਂ ਨੂੰ ਪੜ੍ਹਿਆ ਜਾ ਸਕਦਾ ਹੈ।
ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਸਿਟੀਆਂ ਇੱਕ ਅਜਿਹਾ ਮੰਚ ਹੋਣੀਆਂ ਚਾਹੀਦੀਆਂ ਹਨ ਜਿੱਥੇ ਹਰ ਕਿਸਮ ਦੇ ਵਿਚਾਰਾਂ ਨੂੰ ਸੁਣਿਆ ਅਤੇ ਵਿਚਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸੱਭਿਆਚਾਰ ਹਮੇਸ਼ਾ ਹੀ ਹਰ ਤਰ੍ਹਾਂ ਦੀ ਵਿਚਾਰਧਾਰਕ ਵੰਨ-ਸੁਵੰਨਤਾ ਨੂੰ ਪ੍ਰਫੁੱਲਤ ਕਰਨ ਵਾਲਾ ਰਿਹਾ ਹੈ। ਇਸ ਲਈ ਅਜਿਹੇ ਮੰਚ ਉੱਪਰ ਆ ਕੇ ਅਰੁੰਧਤੀ ਰਾਏ ਜਿਹੀ ਬੇਬਾਕ ਸ਼ਖ਼ਸੀਅਤ ਦਾ ਗੱਲ ਕਰਨਾ ਇੱਕ ਅਹਿਮ ਗੱਲ ਹੈ। ਪ੍ਰੋ. ਅਰਵਿੰਦ ਵੱਲੋਂ ਵੰਨ-ਸੁਵੰਨਤਾ ਦੇ ਸੰਕਲਪ ਬਾਰੇ ਆਪਣੇ ਵਿਚਾਰਾਂ ਦੀ ਪੁਸ਼ਟੀ ਵੱਖ-ਵੱਖ ਵਿਗਿਆਨਕ ਹਵਾਲਿਆਂ ਨਾਲ ਕਰਦਿਆਂ ਦੱਸਿਆ ਕਿ ਵੰਨ-ਸੁਵੰਨਤਾ ਦਾ ਨਾ ਹੋਣਾ ਸਗੋਂ ਇੱਕ ਗ਼ੈਰ-ਕੁਦਰਤੀ ਗੱਲ ਹੁੰਦੀ ਹੈ। ਜਿ਼ਕਰਯੋਗ ਹੈ ਕਿ ਇਹ ਪ੍ਰੋਗਰਾਮ ਨਾਰੀ ਅਧਿਐਨ ਕੇਂਦਰ, ਐਜੂਕੇਸ਼ਨਲ ਮਲਟੀਮੀਡੀਆ ਸੈਂਟਰ, ਥੀਏਟਰ ਅਤੇ ਟੀਵੀ ਵਿਭਾਗ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਰਿਤੂ ਲਹਿਲ ਵੱਲੋਂ ਇਸ ਮੌਕੇ ਸਵਾਗਤੀ ਸ਼ਬਦ ਬੋਲੇ ਗਏ ਜਦੋਂ ਕਿ ਰਸਮੀ ਰੂਪ ਵਿੱਚ ਧੰਨਵਾਦੀ ਸ਼ਬਦ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੁਪਮਾ ਵੱਲੋਂ ਬੋਲੇ ਗਏ।

