ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਭਾਰਤ ’ਚ 3.2 ਲੱਖ ਕਰੋੜ ਨਿਵੇਸ਼ ਕਰੇਗਾ ਜਾਪਾਨ; 6 ਸਮਝੌਤਿਆਂ ’ਤੇ ਕੀਤੇ ਹਸਤਾਖਰ

ਨਵੀਂ ਦਿੱਲੀ (ਮਧੂਸਾਰ ਬਿਊਰੋ) ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਭਾਰਤ ਦੌਰੇ ’ਤੇ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦਰਮਿਆਨ ਕਈ ਮੁੱਦਿਆਂ ’ਤੇ ਗੱਲਬਾਤ ਹੋਈ। ਇਸ ਤੋਂ ਬਾਅਦ 14ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਵਿਚ ਭਾਰਤ ਅਤੇ ਜਾਪਾਨ ਦਰਮਿਆਨ 6 ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ। ਇਸ ਵਿਚ ਮੁੱਖ ਤੌਰ ’ਤੇ ਜਾਪਾਨ ਨੇ ਪੂਰਬੀ-ਉੱਤਰੀ ਖੇਤਰ ਲਈ ਸਮੁੱਚੇ ਵਿਕਾਸ ਦੀ ਪਹਿਲ, ਸਵੱਛ ਊਰਜਾ ਭਾਈਵਾਲੀ ਦਾ ਐਲਾਨ ਕੀਤਾ।

ਇਸ ਦੌਰਾਨ ਕਿਸ਼ਿਦਾ ਨੇ ਐਲਾਨ ਕੀਤਾ ਕਿ ਜਾਪਾਨ ਅਗਲੇ 5 ਸਾਲਾਂ ਵਿਚ ਭਾਰਤ ਵਿਚ 3.2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਕਈ ਘਟਨਾਵਾਂ ਕਾਰਨ ਹਿਲ ਗਈ ਹੈ, ਭਾਰਤ ਅਤੇ ਜਾਪਾਨ ਦਰਮਿਆਨ ਮਜ਼ਬੂਤ ਭਾਈਵਾਲੀ ਹੋਣੀ ਬਹੁਤ ਜ਼ਰੂਰੀ ਹੈ। ਜਾਪਾਨੀ ਪ੍ਰਧਾਨ ਮੰਤਰੀ ਨੇ ਯੂਕ੍ਰੇਨ ’ਤੇ ਰੂਸੀ ਹਮਲੇ ਦੀ ਨਿੰਦਾ ਕੀਤੀ। ਉਹ ਬੋਲੇ ਕਿ ਤਾਕਤ ਦੀ ਵਰਤੋਂ ਕਰ ਕੇ ਮੌਜੂਦਾ ਹਾਲਾਤ ਨੂੰ ਬਦਲਣ ਦੇ ਇਕਪਾਸੜ ਯਤਨਾਂ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਸਾਨੂੰ ਕੌਮਾਂਤਰੀ ਕਾਨੂੰਨ ਦੇ ਆਧਾਰ ’ਤੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ। ਦੋਵਾਂ ਦੇਸ਼ਾਂ ਨੂੰ ਖੁੱਲ੍ਹੇ ਅਤੇ ਮੁਕਤ ਹਿੰਦ-ਪ੍ਰਸ਼ਾਂਤ ਲਈ ਯਤਨ ਵਧਾਉਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਾਪਾਨ ਦੇ ਪੀ. ਐੱਮ. ਸਾਡੇ ਪੁਰਾਣੇ ਦੋਸਤ ਹਨ।

ਤਰੱਕੀ, ਖੁਸ਼ਹਾਲੀ ਅਤੇ ਭਾਈਵਾਲੀ ਭਾਰਤ-ਜਾਪਾਨ ਸੰਬੰਧਾਂ ਦੇ ਆਧਾਰ ਹਨ। ਅਸੀਂ ਭਾਰਤ ਵਿਚ ਜਾਪਾਨੀ ਕੰਪਨੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਜਾਪਾਨ ਭਾਰਤ ਵਿਚ ਸਭ ਤੋਂ ਵੱਡੇ ਨਿਵੇਸ਼ਕਾਂ ਵਿਚੋਂ ਇਕ ਹੈ। ਚਰਚਾ ਵਿਚ ਅਸੀਂ ਆਪਸੀ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦਾ ਰਾਹ ਸਾਫ ਕੀਤਾ। ਅਸੀਂ ਦੋ-ਪੱਖੀ ਮੁੱਦਿਆਂ ਤੋਂ ਇਲਾਵਾ ਕਈ ਖੇਤਰੀ ਅਤੇ ਸੰਸਾਰਿਕ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਅਸੀਂ ਯੂਨਾਈਟਿਡ ਨੇਸ਼ਨ ਅਤੇ ਹੋਰ ਕੌਮਾਂਤਰੀ ਮੰਚਾਂ ’ਤੇ ਵੀ ਆਪਣਾ ਤਾਲਮੇਲ ਵਧਾਉਣ ਦਾ ਫੈਸਲਾ ਲਿਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੋਵੇਂ ਹੀ ਸੁਰੱਖਿਅਤ, ਭਰੋਸੇਮੰਦ ਅਤੇ ਸਥਿਰ ਐਨਰਜੀ ਸਪਲਾਈ ਦੇ ਮਹੱਤਵ ਨੂੰ ਸਮਝਦੇ ਹਨ। ਇਹ ਸਥਿਰ ਇਕੋਨਾਮਿਕ ਗ੍ਰੋਥ ਦੇ ਟੀਚੇ ਨੂੰ ਹਾਸਲ ਕਰਨ ਅਤੇ ਕਲਾਈਮੇਟ ਚੇਂਜ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਹੈ। ਸਾਡੀ ਕਲੀਨ ਐਨਰਜੀ ਪਾਰਟਨਰਸ਼ਿਪ ਇਸ ਦਿਸ਼ਾ ਵਿਚ ਲਿਆ ਗਿਆ ਇਕ ਫੈਸਲਾਕੁੰਨ ਕਦਮ ਸਾਬਿਤ ਹੋਵੇਗਾ।

Leave a Reply

Your email address will not be published. Required fields are marked *