ਬੀਬੀ ਮਹਿੰਦਰ ਕੌਰ ਦੀ ਗਿਆਰਵੀਂ ਸਾਲਾਨਾ-ਬਰਸੀ ਦਾ ਸਮਾਗਮ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਜੀ ਦੀ ਸਰਪ੍ਰਸਤੀ ਹੇਠ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਲੋਂ ਬੀਬੀ ਮਹਿੰਦਰ ਕੌਰ (ਸਾਬਕਾ ਆਨਰੇਰੀ ਡਾਇਰੈਕਟਰ) ਦੀ ਗਿਆਰਵੀਂ ਸਾਲਾਨਾ-ਬਰਸੀ ਦਾ ਸਮਾਗਮ ਮਿਤੀ 22 ਮਾਰਚ 2022 ਨੂੰ ਆਯੋਜਿਤ ਕੀਤਾ ਗਿਆ, ਜਿਸ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਜਰਨੈਲ ਸਿੰਘ ਮਹਿਕ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਡਾ. ਸਵਰਾਜ ਸਿੰਘ (ਯੂ.ਐਸ.ਏ.) ਵਾਲਿਆਂ ਵਲੋਂ ਯਾਦਗਾਰੀ ਭਾਸ਼ਣ ਦਿਤਾ ਗਿਆ, ਜਿਸ ਵਿਚ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਵਸਦੇ ਸਿਖਾਂ ਨੂੰ ਦਰਪੇਸ਼ ਸਮਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਦੀ ਗੱਲ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਧਰਮ ਤੇ ਆਰਥਿਕਤਾ, ਹੁਕਮ ਤੇ ਹਉਮੈ, ਗੁਰਮੁਖ ਤੇ ਮਨਮੁਖ ਆਦਿ ਦੀ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਮਨੁਖ ਦਾ ਮਨੁਖਤਾ ਨਾਲੋਂ ਟੁਟਣਾ, ਆਪਣੇ ਅਸਲੇ ਨੂੰ ਨਾ ਪਛਾਣਨਾ ਹੀ ਸਮਿਸਆਵਾਂ ਦੀ ਆਰੰਭਤਾ ਹੈ ਅਤੇ ਆਪਣੀ ਅੰਦਰੂਨੀ ਘਾੜਤ ਰਾਹੀਂ ਮੂਲ ਵਲ ਪਰਤਣਾ ਭਾਵ ਮਨਮੁਖਤਾ ਤੋਂ ਗੁਰਮੁਖਤਾ ਵਲ ਆਉਣਾ ਹੀ ਸਮਸਿਆਵਾਂ ਦਾ ਸਮਾਧਾਨ ਹੈ। ਕੇਂਦਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤੇ ਗਏ ਇਸ ਸਮਾਗਮ ਵਿਚ ਦੇਹਰਾਦੂਨ ਦੀਆਂ ਸ਼ਾਮਲ ਹੋਈਆਂ ਜਿਹੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਬੀਬੀ ਮਹਿੰਦਰ ਕੌਰ ਜੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਉਨ੍ਹਾਂ ਵਿੱਚ ਸ. ਨਰਿੰਦਰਜੀਤ ਸਿੰਘ ਬਿੰਦਰਾ, ਸ. ਦਵਿੰਦਰ ਸਿੰਘ ਬਿੰਦਰਾ, ਸ. ਅਮਰਜੀਤ ਸਿੰਘ ਭਾਟੀਆ, ਡਾ. ਹਿੰਮਤ ਸਿੰਘ, ਸ. ਦਰਸ਼ਨ ਸਿੰਘ, ਬਿਰਗੇਡਿਅਰ ਬਹਿਲ, ਸ. ਬਰਜਿੰਦਰਪਾਲ ਸਿੰਘ, ਸ. ਹਰਪਾਲ ਸਿੰਘ ਬਜਾਜ, ਸ੍ਰੀਮਤੀ ਸ਼ਵੇਤਾ ਤਲਵਾਰ, ਸ੍ਰੀਮਤੀ ਅਮਰਜੀਤ ਕੌਰ ਕਰੀਰ ਆਦਿ ਹਾਜ਼ਰ ਸਨ। ਅੰਤ ਵਿਚ ਡਾ. ਕੁਲਵਿੰਦਰ ਸਿੰਘ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।

