ਅੰਮ੍ਰਿਤਸਰ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਪੰਜਾਬ ’ਚ ਪੇਂਡੂ ਵਿਭਿੰਨਤਾ : ਦ੍ਰਿਸ਼ਟੀਕੋਣ ਅਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 22 ਮਾਰਚ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਆਈ. ਸੀ. ਐੱਸ. ਐੱਸ. ਆਰ. ਦੇ ਸਹਿਯੋਗ ਨਾਲ ਪੰਜਾਬ ’ਚ ਪੇਂਡੂ ਵਿਭਿੰਨਤਾ : ਦ੍ਰਿਸ਼ਟੀਕੋਣ ਅਤੇ ਚੁਣੌਤੀਆਂ ਵਿਸ਼ੇ ’ਤੇ 2 ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਉਚੇਚੇ ਤੌਰ ’ਤੇ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫੈਸਰ ਆਫ ਐਮੀਨੈਂਸ ਡਾ. ਰਣਜੀਤ ਸਿੰਘ ਘੁੰਮਣ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਰਿਸਰਚ ਡਾ. ਰੇਨੂੰ ਭਾਰਦਵਾਜ ਅਤੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨਾਲ ਮਿਲ ਸ਼ਮ੍ਹਾ ਰੌਸ਼ਨ ਕਰਕੇ ਆਗਾਜ਼ ਕੀਤਾ।

ਇਸ ਮੌਕੇ ਉਪਰੰਤ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਸ: ਛੀਨਾ ਅਤੇ ਆਏ ਹੋਏ ਵਿਦਵਾਨਾਂ ਨੂੰ ਬੂਟਾ ਭੇਟ ਕਰਦਿਆਂ ਖੋਜ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦਿਆਂ ਉਮੀਦ ਜ਼ਾਹਿਰ ਕੀਤੀ ਕਿ ਇਸ ਸੈਮੀਨਾਰ ’ਚ ਹੋਈ ਵਿਚਾਰ ਚਰਚਾ ਵਿਦਵਾਨਾਂ ਅਤੇ ਨੀਤੀ ਧਾਰਕਾਂ ਨੂੰ ਪ੍ਰਭਾਵਿਤ ਕਰੇਗੀ।ਇਸ ਮੌਕੇ ਸ: ਛੀਨਾ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਸੂਬੇ ਨੂੰ ਪਹਿਲਾਂ ਵਾਲੇ ਗੌਰਵਮਈ ਸਥਾਨ ਤੱਕ ਪਹੁੰਚਾਉਣ ਲਈ ਨਵੀਆਂ ਨੀਤੀਆਂ ਘੜਨੀਆਂ ਹੋਣਗੀਆਂ, ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਬਾਹਰਲੇ ਮੁਲਕਾਂ ਨੂੰ ਪਲਾਇਨ ਰੋਕਣਾ ਹੋਵੇਗਾ ਤੇ ਪੰਜਾਬ ’ਚ ਇੰਡਸਟਰੀ ਨੂੰ ਪ੍ਰਫੁਲਿਤ ਕੀਤਾ ਜਾਣਾ ਚਾਹੀਦਾ ਹੈ।

ਇਸ ਉਪਰੰਤ ਡਾ. ਘੁੰਮਣ ਨੇ ਕੁੰਜੀਵਤ ਭਾਸ਼ਣ ਦਿੰਦੇ ਹੋਏ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪੇਂਡੂ ਆਰਥਿਕਤਾ ਦਾ ਵਿਕਾਸ ਕਰਨਾ ਹੈ ਤਾਂ ਪਿੰਡ ਨੂੰ ਸਿਰਫ਼ ਖੇਤੀ ਕੇਂਦਰਿਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿੰਡ ਵਿਚਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਕਾਰਜਸ਼ੈਲੀ ਦੀ ਮਹੱਤਤਾ ਨੂੰ ਸਮਝਣਾ ਹੋਵੇਗਾ ਅਤੇ ਸੂਬਾ ਤੇ ਕੇਂਦਰ ਨੂੰ ਸਰਕਾਰ ਨੂੰ ਕਾਰਗਰ ਢੰਗ ਨਾਲ ਪਾਲਸੀਆਂ ਘੜ ਕੇ ਲਾਗੂ ਕਰਨੀਆਂ ਹੋਣਗੀਆਂ।

ਸੈਮੀਨਾਰ ਮੌਕੇ ਡਾ. ਰੇਨੂੰ ਭਾਰਦਵਾਜ ਨੇ ਪੰਜਾਬ ਦੇ ਇਕਸਾਰ ਵਿਕਾਸ ਲਈ ਵਾਤਾਵਰਣ ਨੂੰ ਧਿਆਨ ’ਚ ਰੱਖਣ ’ਤੇ ਅਤੇ ਸਮੇਂ ਅਨੁਸਾਰ ਬਦਲਾਵ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸੈਮੀਨਾਰ ਦੇ ਅੰਤ ’ਚ ਕਨਵੀਨਰ ਅਤੇ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਨੇ ਆਏ ਹੋਏ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਜਤਿੰਦਰ ਕੌਰ ਅਤੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *