ਖ਼ਾਲਸਾ ਕਾਲਜ ਇੰਜਨੀਅਰਿੰਗ ਵਿਖੇ ਰੁਜ਼ਗਾਰ ਯੋਗਤਾਵਾਂ ਨੂੰ ਵਧਾਉਣ ਸਬੰਧੀ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 22 ਮਾਰਚ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਆਈ. ਬੀ. ਟੀ., ਅੰਮ੍ਰਿਤਸਰ ਦੇ ਸਹਿਯੋਗ ਨਾਲ ਮੌਜੂਦਾ ਨੌਕਰੀਆਂ ਪ੍ਰਾਪਤ ਕਰਨ ਲਈ ਮੌਜ਼ੂਦਾ ਹਾਲਾਤਾਂ ਅਤੇ ਮੁਕਾਬਲੇਬਾਜ਼ੀ ਦੇ ਯੁੱਗ ਨੂੰ ਧਿਆਨ ’ਚ ਰੱਖਦਿਆਂ ‘ਰੋਜ਼ਗਾਰ ਯੋਗਤਾ ਵਿਸ਼ੇਸ਼ਤਾਵਾਂ ਨੂੰ ਵਧਾਉਣ’ ਵਿਸ਼ੇ ’ਤੇ 5 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ’ਚ ਅਜਿਹੀਆਂ ਵਰਕਸ਼ਾਪਾਂ ਕਰਵਾਉਣੀਆਂ ਲਾਜ਼ਮੀ ਹਨ ਕਿਉਂਕਿ ਇਹ ਵਰਕਸ਼ਾਪਾਂ ਵਿਦਿਆਰਥੀਆਂ ਦੇ ਹੁਨਰ ਅਤੇ ਯੋਗਤਾ ਦੇ ਵਿਕਾਸ ’ਤੇ ਕੇਂਦਰਿਤ ਹੁੰਦੀਆਂ ਹਨ ਜੋ ਕਿ ਜਨਤਕ ਅਤੇ ਪ੍ਰਾਈਵੇਟ ਦੋਵਾਂ ਖੇਤਰਾਂ ’ਚ ਵੱਖ-ਵੱਖ ਪ੍ਰੀਖਿਆਵਾਂ ਅਤੇ ਇੰਟਰਵਿਊ ਲਈ ਲੋੜੀਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਮੌਕੇ ਰਾਹੁਲ ਗਰਗ, ਮਹਿਕ ਭਾਟੀਆ, ਵਿਨੈ ਅਰੋੜਾ, ਕਾਜਲ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਯੋਗਤਾ, ਹੁਨਰ, ਸੰਚਾਰ ਹੁਨਰ, ਵਰਤਮਾਨ ਮਾਮਲੇ, ਸ਼ਖਸੀਅਤ ਵਿਕਾਸ ਆਦਿ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਪਰੋਕਤ ਵਿਸ਼ਿਆਂ ਨਾਲ ਸਬੰਧਿਤ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਬਲਿਕ ਸੈਕਟਰ ਅੰਡਰਟੇਕਿੰਗਜ਼, ਸਟੇਟ ਇੰਜੀਨੀਅਰਿੰਗ ਸੇਵਾਵਾਂ, ਭਾਰਤੀ ਹਥਿਆਰਬੰਦ ਸੈਨਾਵਾਂ, ਸਿਵਲ ਸੇਵਾਵਾਂ, ਐਸ. ਐਸ. ਸੀ. ਆਦਿ ਵੱਖ-ਵੱਖ ਸੈਕਟਰਾਂ ’ਚ ਵੱਖ-ਵੱਖ ਨੌਕਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ’ਚ 100 ਦੇ ਕਰੀਬ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ।
ਵਰਕਸ਼ਾਪ ਦੇ ਆਖ਼ਰੀ ਦਿਨ ਵਿਦਿਆਰਥੀਆਂ ਲਈ ਮੌਕ ਟੈਸਟ ਅਤੇ ਮੌਕ ਇੰਟਰਵਿਊ ਲਏ ਗਏ ਤਾਂ ਜੋ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਅਸਲ ਜਾਣਕਾਰੀ ਮਿਲ ਸਕੇ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਰਕਸ਼ਾਪ ਦੀ ਸਫਲਤਾਪੂਰਵਕ ਸ਼ੁਰੂਆਤ ਲਈ ਡਾ. ਬਾਲਾ ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਜੁਗਰਾਜ ਸਿੰਘ (ਡਿਪਟੀ ਡੀਨ ਟੀ. ਐਂਡ ਪੀ.) ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਵਿਦਿਆਰਥੀਆਂ ਦੀ ਬੇਹਤਰੀ ਲਈ ਭਵਿੱਖ ’ਚ ਵੀ ਇਵੇਂ ਹੀ ਜਾਰੀ ਰਹਿਣੀਆਂ ਚਾਹੀਦੀਆਂ ਹਨ।

