ਖ਼ਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁਕ ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ, ( ਸੁਖਬੀਰ ਸਿੰਘ/ਮਧੂਸਾਰ ਬਿਊਰੋ) -ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਨਵੇਂ ਆਏ ਵਿਦਿਆਰਥੀਆਂ ਨੂੰ ਨਰਸਿੰਗ ਕਿੱਤੇ ਪ੍ਰਤੀ ਵਫ਼ਾਦਾਰੀ ਨਾਲ ਸੇਵਾਵਾਂ ਨਿਭਾਉਣ ਸਬੰਧੀ ਸਹੁੰ ਚੁਕ ਸਮਾਗਮ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੇ ਸਹਿਯੋਗ ਨਾਲ ਉਲੀਕੇ ਗਏ ਇਸ ਪ੍ਰੋਗਰਾਮ ਮੌਕੇ ਫਲੋਰੈਂਸ ਨਾਇਟਿੰਗੇਲ ਦੀ ਜੀਵਨ ਸ਼ੈਲੀ ’ਤੇ ਚਾਨਣਾ ਪਾਇਆ।
ਇਸ ਸਮਾਗਮ ਦਾ ਅਗਾਜ਼ ਪ੍ਰਿੰ: ਡਾ. ਕਮਲਜੀਤ ਕੌਰ ਨੇ ਅਧਿਆਪਕਾਂ ਦੇ ਨਾਲ ਮਿਲ ਕੇ ਸ਼ਮਾ ਰੌਸ਼ਨ ਕਰਨ ਉਪਰੰਤ ਕਾਲਜ ਵਿਖੇ ਨਵੇਂ ਆਏ ਵਿਦਿਆਰਥੀਆਂ ਨੂੰ ਕਿਹਾ ਕਿ ਨਰਸਿੰਗ ਦਾ ਕਿੱਤਾ ਇਕ ਬਹੁਤ ਮਹਾਨ ਅਤੇ ਪਾਕ ਕਿੱਤਾ ਹੈ। ਕਿਉਂਕਿ ਡਾਕਟਰ ਤੋਂ ਬਾਅਦ ਮਰੀਜ਼ਾਂ ਦੇ ਸਿਹਤਯਾਬ ਤੱਕ ਨਰਸਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਨੇ ਸਮੇਂ ਸਮੇਂ ’ਤੇ ਮਰੀਜ਼ਾਂ ਦੇ ਇਲਾਜ਼ ਖੁਰਾਕ ਅਤੇ ਚੈਕਅੱਪ ਦਾ ਧਿਆਨ ਰੱਖਣਾ ਹੁੰਦਾ ਹੈ। ਇਸ ਲਈ ਨਰਸਿੰਗ ਕੋਰਸ ਨੂੰ ਆਪਣਾ ਮੁੱਢਲਾ ਫ਼ਰਜ਼ ਸਮਝਦੇ ਹੋਏ ਸੇਵਾ ਭਾਵਨਾ, ਮਿਹਨਤ ਅਤੇ ਲਗਨ ਨਾਲ ਨਿਭਾਉਣ ਲਈ ਤੱਤਪਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨੇ ਨਰਸਿੰਗ ਕੋਰਸ ’ਚ ਨਵੇ ਦਾਖਲ ਹੋਏ ਵਿਦਿਆਰਥੀਆਂ ਤੋਂ ਨਰਸਿੰਗ ਕਿਤੇ ਪ੍ਰਤੀ ਈਮਾਨਦਾਰੀ ਅਤੇ ਦਇਆ ਭਾਵਨਾ ਨਾਲ ਸੇਵਾ ਨਿਭਾਉਣ ਲਈ ਮੋਮਬੱਤੀਆ ਜਗਾ ਕੇ ਸਹੁੰ ਚੁਕਾਈ। ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।

