ਸਿੱਖ ਪੰਥ ਅਤੇ ਸਮਾਜ ਪ੍ਰਤੀ ਨਿਰਸਵਾਰਥ ਸੇਵਾ ਸਦਕਾ ਮਿਲਿਆ ਪੁਰਸਕਾਰ
ਪਟਿਆਲਾ (ਮਧੂਸਾਰ ਬਿਊਰੋ) ਸਰਦਾਰ ਜਗਜੀਤ ਸਿੰਘ ਦਰਦੀ, ਉੱਘੇ ਪੱਤਰਕਾਰ ਅਤੇ ਵਿੱਦਿਆ ਦਾਨੀ, ਨੇ ਮੌਜੂਦਾ ਪੰਜਾਬ ਸੂਬੇ ਦੀ ਸਥਾਪਨਾ ਦੇ ਲਈ ਕੁਰਬਾਨੀ ਦਿੱਤੀ ਅਤੇ 12 ਸਾਲ ਦੀ ਉਮਰ ਵਿਚ ਹੀ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਪੰਜਾਬੀ ਸੂਬਾ ਅੰਦੋਲਨ ਵਿਚ ਸਰਗਰਮੀ ਨਾਲ ਭਾਗ ਲੈਂਦੇ ਹੋਏ ਗ੍ਰਿਫਤਾਰੀ ਦਿੱਤੀ। ਸੰਨ 1966 ਤੱਕ ਭਾਰਤ ਸਰਕਾਰ ਦੁਆਰਾ ਵੱਖ ਤੋਂ ਪੰਜਾਬੀ ਭਾਸ਼ਾਈ ਸੂਬੇ ਦੀ ਸਥਾਪਨਾ ਦੀ ਮਨਜ਼ੂਰੀ ਮਿਲਣ ਤੱਕ ਸਰਦਾਰ ਜਗਜੀਤ ਸਿੰਘ ਦਰਦੀ ਨੇ ਕਈ ਵਾਰ ਗ੍ਰਿਫਤਾਰੀ ਦਿੱਤੀ। ਉਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ’ਤੇ ਖ਼ਬਰਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਇਸ ਤੋਂ ਇਲਾਵਾ ਸਕੂਲ ਦੇ ਬਲੈਕ ਬੋਰਡ ’ਤੇ ਵੀ ਚਾਕ ਨਾਲ ਖਬਰਾਂ ਲਿਖੀਆਂ ਅਤੇ ਲਗਾਤਾਰ ਪੰਜ ਸਾਲ ਤੱਕ ਸਵੇਰ ਦੀ ਸਭਾ ਵਿਚ ਅਖਬਾਰ ਪੜ੍ਹਨ ਦੀ ਲੜੀ ਜਾਰੀ ਰੱਖੀ।
ਸੰਨ 1966 ਵਿਚ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 300ਵੇਂ ਪ੍ਰਕਾਸ਼ ਪੁਰਬ ’ਤੇ ਸੋਵੀਨਰ ਪ੍ਰਕਾਸ਼ਿਤ ਕੀਤੇ ਅਤੇ ਸੰਨ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ’ਤੇ ਸੋਵੀਨਰ ਪ੍ਰਕਾਸ਼ਿਤ ਕੀਤੇ। ਉਨ੍ਹਾਂ ਨੇ ਸੰਨ 1970 ਵਿਚ ਪੰਜਾਬੀ ‘ਚੜ੍ਹਦੀਕਲਾ’ ਪੰਦਰਵਾੜਾ ਅਖਬਾਰ ਸ਼ੁਰੂ ਕੀਤਾ ਜੋ ਕਿ ਜਲਦ ਹੀ ਹਫਤਾਵਾਰੀ ਅਖਬਾਰ ਦੇ ਰੂਪ ਵਿਚ ਛਪਣਾ ਸ਼ੁਰੂ ਹੋ ਗਿਆ ਜਦਕਿ 1977 ਵਿਚ ਇਹ ਰੋਜ਼ਾਨਾ ‘ਚੜ੍ਹਦੀਕਲਾ’ ਦੇ ਰੂਪ ਵਿਚ ਪ੍ਰਕਾਸ਼ਿਤ ਹੋਣ ਲੱਗਾ। ਉਦੋਂ ਤੋਂ ਇਸ ਦਾ ਪ੍ਰਕਾਸ਼ਨ ਲਗਾਤਾਰ ਹੋ ਰਿਹਾ ਹੈ ਅਤੇ ਹੁੁਣ ਤਾਂ ਇਹ ਦੇਸ਼ ਦੇ ਪੰਜ ਪ੍ਰਮੁੱਖ ਪੰਜਾਬੀ ਅਖਬਾਰਾਂ ਵਿਚ ਸ਼ਾਮਲ ਹੋ ਗਿਆ ਹੈ। ਸਰਦਾਰ ਜਗਜੀਤ ਸਿੰਘ ਦਰਦੀ ਨੇ 2007 ਵਿਚ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਵਿਸ਼ਵ ਭਲਾਈ ਦੇ ਲਈ ਚੜ੍ਹਦੀਕਲਾ ਟਾਈਮ ਟੀ.ਵੀ. ਦੀ ਸ਼ੁਰੂਆਤ ਕਰ ਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਸ਼ੁਰੂ ਕੀਤਾ। ਇਹ ਚੈਨਲ ਵੀ ਜਲਦ ਹੀ ਵਿਸ਼ਵ ਪੱਧਰ ’ਤੇ ਹਰਮਨ ਪਿਆਰਾ ਹੋ ਗਿਆ ਅਤੇ ਪਿਛਲੇ 15 ਸਾਲਾਂ ਤੋਂ ਬਿਨ੍ਹਾਂ ਫੀਸ ਲਏ ਰੋਜ਼ਾਨਾ ਅੱਠ ਘੰਟੇ ਇਸ ’ਤੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ। ਸੰਨ 2015 ਵਿਚ ਹੀ ਇਸ ਚੈਨਲ ’ਤੇ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਹੈ।
ਸਰਦਾਰ ਜਗਜੀਤ ਸਿੰਘ ਦਰਦੀ ਤਿੰਨ ਵਾਰ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੈਂਬਰ ਦੇ ਤੌਰ ’ਤੇ ਕਾਰਜਸ਼ੀਲ ਰਹੇ, 1993 ਤੋਂ ਲਗਾਤਾਰ ਪ੍ਰਧਾਨ ਮੰਤਰੀ ਦੇ ਮੀਡੀਆ ਵਫ਼ਦ ਦਾ ਵੀ ਹਿੱਸਾ ਰਹੇ, 1997 ਵਿਚ ਰਾਜ ਸਭਾ ਅਤੇ ਲੋਕ ਸਭਾ ਦੀਆਂ ਮੀਡੀਆ ਸਲਾਹਕਾਰ ਕਮੇਟੀਆਂ ਦੇ ਮੈਂਬਰ ਰਹੇ ਅਤੇ 1988 ਵਿਚ ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈਐਨਐਸ) ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਹਨ। ਸਰਦਾਰ ਜਗਜੀਤ ਸਿੰਘ ਦਰਦੀ ਦਾ ਕਹਿਣਾ ਹੈ ਕਿ ਪੰਜਾਬੀ ਸੂਬੇ ਦੀ ਸਥਾਪਨਾ ਦੇ ਲਈ ਅੰਦੋਲਨ ਵਿਚ ਭਾਗ ਲੈਣ ਅਤੇ ਜੇਲ੍ਹ ਜਾਣ ਦੇ ਵਿਚਕਾਰ ਵੱਡੇ ਸੰਘਰਸ਼ ਦੇ ਦੌਰਾਨ ਹੀ ਉਹ ਪੱਤਰਕਾਰ ਅਤੇ ਵਿੱਦਿਆ ਦਾਨੀ ਬਣੇ ਜਿਸ ਦੀ ਬਦੌਲਤ ਅੱਜ ਉਨ੍ਹਾਂ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਤੀ ਨੇ ਉਨ੍ਹਾਂ ਪਦਮਸ੍ਰੀ 2022 ਨਾਲ ਸਨਮਾਨਿਤ ਕੀਤਾ।

