ਪੰਜਾਬਪਟਿਆਲਾ

ਨਾਭਾ ਕਵਿਤਾ ਉਤਸਵ 2022: ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ਸਨਮਾਨਤ

ਭਾਈ ਕਾਨ੍ਹ ਸਿੰਘ ਨਾਭਾ ਦੀ ਕਿਰਤ ਮਹਾਨ ਕੋਸ਼ ਸਾਹਿਤਕ ਖੇਤਰ ਦਾ ਕੋਹਿਨੂਰ: ਬੀਬੀ ਸਰਹਿੰਦ

ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਦਾ ਕੀਤਾ ਧਨਵਾਦ

ਫ਼ਤਹਿਗੜ੍ਹ ਸਾਹਿਬ, 27 ਮਾਰਚ (ਮਧੂਸਾਰ ਬਿਊਰੋ) ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਨਾਭਾ ਵਿਖੇ ਕਰਵਾਏ 25ਵੇਂ ਸਿਲਵਰ ਜੁਬਲੀ ਨਾਭਾ ਕਵਿਤਾ ਉਤਸਵ-2022 ਮੌਕੇ ਸਰਹਿੰਦ ਨਿਵਾਸੀ ਉੱਘੀ ਲੇਖਕਾ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਸਾਹਿਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲਿਖਾਰੀ ਸਭਾ, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਦਰਬਾਰਾ ਸਿੰਘ ਢੀਂਡਸਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਹਿਤਕ ਖੇਤਰ ਵਿੱਚ ਸਰਗਰਮ ਬੀਬੀ ਪਰਮਜੀਤ ਕੌਰ ਦਾ ਸਨਮਾਨ ਕਰਨਾ, ਖ਼ੁਦ ਸਨਮਾਨਤ ਹੋਣ ਵਾਂਙ ਹੁੰਦਾ ਹੈ ਤੇ ਇਸ ਸਨਮਾਨ ਨਾਲ ਜਿੱਥੇ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨਿਵਾਸੀਆਂ ਦਾ ਮਾਣ ਵਧਿਆ ਹੈ, ਉਥੇ ਸਾਹਿਤਕ ਖੇਤਰ ਨੂੰ ਪ੍ਰਣਾਏ ਹਰ ਸ਼ਖ਼ਸ ਦਾ ਵੀ ਮਾਣ ਵਧਿਆ ਹੈ। ਇਸ ਬਾਬਤ ਗੱਲ ਕਰਦਿਆਂ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਜਿੱਥੇ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਦਾ ਇਸ ਸਨਮਾਨ ਲਈ ਜਿੱਥੇ ਧਨਵਾਦ ਕੀਤਾ, ਉਥੇ ਨਾਭਾ ਕਵਿਤਾ ਉਤਸਵ ਲਈ ਮੰਚ ਦੀ ਸ਼ਲਾਘਾ ਵੀ ਕੀਤੀ।ਉਨ੍ਹਾਂ ਆਖਿਆ ਕਿ ਅਜਿਹੇ ਉਤਸਵ ਜਿੱਥੇ ਮਿਆਰੀ ਸਾਹਿਤ ਦਾ ਪ੍ਰਵਾਹ ਚੱਲਦਾ ਰੱਖਣ ਵਿੱਚ ਸਹਾਈ ਸਿੱਧ ਹੁੰਦੇ ਹਨ, ਉਥੇ ਇਹ ਉਤਸਵ ਉਚੇਚੇ ਤੌਰ ਉਤੇ ਮਹਾਨ ਸ਼ਖ਼ਸੀਅਤ ਮਰਹੂਮ ਸ. ਕਾਨ੍ਹ ਸਿੰਘ ਨਾਭਾ ਨੂੰ ਸੱਚੀ ਸ਼ਰਧਾਂਜਲੀ ਵੀ ਹੋ ਨਿਬੜਦਾ ਹੈ।

ਬੀਬੀ ਸਰਹਿੰਦ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਜੀਵਨ ਮਿਸਾਲੀ ਤੇ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਜਿੱਥੇ ਸਿੱਖ ਕੌਮ ਨੂੰ ਨਿਘਾਰ ਵਿੱਚੋਂ ਕੱਢ ਕੇ ਸ਼ਬਦ ਗੁਰੂ ਨਾਲ ਜੋੜਿਆ, ਉਥੇ ਹੀ ਉਨ੍ਹਾਂ ਦੀ ਕਿਰਤ “ਮਹਾਨ ਕੋਸ਼” ਸਾਹਿਤਕ ਖੇਤਰ ਦਾ ਕੋਹਿਨੂਰ ਹੈ।ਇਸ ਦੇ ਨਾਲ-ਨਾਲ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ “ਹਮ ਹਿੰਦੂ ਨਹੀਂ” ਵੀ ਸਿੱਖ ਕੌਮ ਨੂੰ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਵਿਰਾਸਤ ਨਾਲ ਜੋੜਦੀ ਰਹੀ ਤੇ ਜੋੜਦੀ ਰਹੇਗੀ। ਭਾਈ ਕਾਨ੍ਹ ਸਿੰਘ ਨਾਭਾ ਨੇ ਸਿੰਘ ਸਭਾ ਲਹਿਰ ਵਿੱਚ ਜਿਹੜਾ ਯੋਗਦਾਨ ਪਾਇਆ, ਉਸ ਨੇ ਸਿੱਖ ਕੌਮ ਨੂੰ ਬੁਲੰਦੀਆਂ ਉਤੇ ਪੁਚਾਇਆ। ਸਿੰਘ ਸਭਾ ਲਹਿਰ ਦਾ ਸਿੱਖਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ। ਬੀਬੀ ਸਰਹਿੰਦ ਨੇ ਕਿਹਾ ਕਿ ਜਿਵੇਂ ਪੂਰਨ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਕਲਮ ਨਾਲ ਸਮਾਜ ਦੀ ਸੇਵਾ ਕੀਤੀ, ਉਵੇਂ ਹਰ ਲਿਖਾਰੀ ਨੂੰ ਕਦਰਾਂ ਕੀਮਤਾਂ ਦਾ ਲੜ ਫੜ ਕੇ ਰੱਖਦਿਆਂ ਮਿਆਰੀ ਸਾਹਿਤ ਸਮਾਜ ਸੇਵਾ ਦੇ ਰੂਪ ਵਿੱਚ ਪਾਠਕਾਂ ਦੀ ਝੋਲੀ ਪਾਉਣਾ ਚਾਹੀਦਾ ਹੈ। ਇਸ ਮੌਕੇ ਮੰਚ ਦੇ ਪ੍ਰਧਾਨ ਸ. ਦਰਸ਼ਨ ਸਿੰਘ ਬੁੱਟਰ ਉਚੇਚੇ ਤੌਰ ਉੱਤੇ ਹਾਜ਼ਰ ਸਨ। ਉਹਨਾਂ ਤੋਂ ਇਲਾਵਾ ਜ਼ਿਲ੍ਹਾ ਲਿਖਾਰੀ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸਾਧੂ ਸਿੰਘ ਪਨਾਗ, ਮੀਤ ਪ੍ਰਧਾਨ ਲਛਮਣ ਸਿੰਘ ਤਰੌੜਾ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਬਲਤੇਜ ਸਿੰਘ ਬਠਿੰਡਾ, ਅਮਰਬੀਰ ਸਿੰਘ ਚੀਮਾ , ਅਵਤਾਰ ਸਿੰਘ ਪੁਆਰ, ਪ੍ਰੋ. ਸੁਖਵਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *