ਵਰਲਡ ਯੂਨੀਵਰਸਿਟੀ ਵਲੋਂ 2022-23 ਲਈ ਪ੍ਰਾਸਪੈਕਟਸ ਜਾਰੀ
ਫ਼ਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁ੍ਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵਲੋਂ ਅਕਾਦਮਿਕ ਸਾਲ 2022-23 ਦੇ ਦਾਖਲਿਆਂ ਲਈ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨਾਲ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਸ.ਸ. ਬਿਲਿੰਗ ਅਤੇ ਦਾਖਲਾ ਕਮੇਟੀ ਦੇ ਕਨਵੀਨਰ ਡਾ. ਸੁਮਿਤ ਕਮੁਾਰ ਦੇ ਨਾਲ-ਨਾਲ ਦਾਖਲਾ ਕਮੇਟੀ ਦੇ ਬਾਕੀ ਮੈਂਬਰ ਵੀ ਮੌਜੂਦ ਸਨ। ਗੱਲਬਾਤ ਕਰਦਿਆਂ ਪ੍ਰੋ. ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਅਕਾਦਮਿਕਤਾ ਅਤੇ ਖੋਜ ਦੇ ਖੇਤਰ ਵਿਚ ਭਾਰਤ ਦੀਆਂ ਬਿਹਤਰ ਯੂਨੀਵਰਸਿਟੀਆਂ ਵਿਚ ਸ਼ਾਮਲ ਹੈ
ਜਿਸ ਵਿਚ ਅੰਡਰਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਖੋਜ ਪੱਧਰ ਦੇ 70 ਤੋਂ ਉੱਪਰ ਵੱਖੋ-ਵੱਖਰੇ ਡਿਗਰੀ ਕੋਰਸ ਚੱਲ ਰਹੇ ਹਨ। ਪ੍ਰੋ. ਪਰਿਤ ਪਾਲ ਸਿੰਘ ਕਿਹਾ ਕਿ ਇਹ ਯੂਨੀਵਰਸਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਦਿਅਕ ਅਦਾਰਾ ਹੈ ਜੋ ਵਿਦਿਆਰਥੀਆਂ ਨੂੰ ਰੁਜਗਾਰ ਦੇ ਸਮਰੱਥ ਬਣਾਉਣ ਦੇ ਨਾਲ-ਨਾਲ ਸਿੱਖੀ ਅਤੇ ਸਦਾਚਾਰ ਦੇ ਰੌਸ਼ਨ ਪੱਖਾਂ ਨਾਲ ਵੀ ਜੋੜਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਅਕਾਦਮਿਕ ਤੇ ਧਾਰਮਿਕ ਸੰਸਥਾਵਾਂ ਅਤੇ ਕੰਪਨੀਆਂ ਵਿਚ ਸੇਵਾ ਨਿਭਾ ਕੇ ਯੂਨੀਵਰਸਿਟੀ ਦਾ ਨਾਮ ਚਮਕਾ ਰਹੇ ਹਨ। ਪ੍ਰੋ. ਬਿਲਿੰਗ ਨੇ ਦੱਸਿਆ ਕਿ 2022-23 ਦੇ ਦਾਖਲਿਆਂ ਲਈ ਯੂਨੀਵਰਸਿਟੀ ਵਿਚ ਰਜਿਸਟਰੇਸ਼ਨ ਸ਼ੂਰੂ ਹੋ ਚੁੱਕੀ ਹੈ।

