ਗੁਰਦੁਆਰਾ ਮੀਰੀ ਪੀਰੀ ਸਾਹਿਬ ਕਵੈਨ ਸਿਟੀ (ਫਿਲਪਾਇਨ) ਵੱਲੋਂ ਸੰਤ ਸੀਚੇਵਾਲ ਦਾ ਸਨਮਾਨ
ਸੰਤ ਸੀਚੇਵਾਲ ਜੀ ਵੱਲੋਂ ਬਾਬੇ ਨਾਨਕ ਦੀ ਵੇਈਂ ਸਮੇਤ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਕੀਤੀ ਸ਼ਲਾਘਾ

ਅਸੀ ਹਵਾ ਨੂੰ ਕਿਸੀ ਹੱਦ ਜਾਂ ਸਰਹੱਦ ਵਿਚ ਕੈਦ ਨਹੀ ਕਰ ਸਕਦੇ:- ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 01 ਅਪ੍ਰੈਲ (ਮਧੂਸਾਰ ਬਿਊਰੋ) ਪਿਛਲੇ ਦਿਨੀ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਦੇਸ਼ ਯਾਤਰਾ ਤੇ ਗਏ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਗੁਰਦੁਆਰਾ ਮੀਰੀ ਪੀਰੀ ਸਾਹਿਬ ਕਵੈਨ ਸਿਟੀ ਮਨੀਲਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਨੀਲਾ ਵਸਦੀ ਸੰਗਤਾਂ ਵੱਲੋਂ ਜਿੱਥੇ ਬਾਬਾ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕੀਤੀ ਜਾ ਰਹੀ ਕਾਰਸੇਵਾ ਦੀ ਸ਼ਲਾਘਾ ਕੀਤੀ ੳੇੱੁਥੇ ਹੀ ਉਹਨਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਵੀ ਦਿੱਤਾ ਗਿਆ। ਫਿਲਪਾਇਨ ਯਾਤਰਾ ਤੇ ਗਏੇ ਸੰਤ ਸੀਚੇਵਾਲ ਜੀ ਦਾ ਉੱਥੋਂ ਦੀਆਂ ਗੁਰਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।
ਸਮਾਗਮ ਨੂੰ ਸੰਬੋਧਨ ਹੁੰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਇਸ ਵਾਰ ਲਗਭਗ 3 ਸਾਲ ਬਾਅਦ ਵਿਦੇਸ਼ ਯਾਤਰਾ ਤੇ ਆਏ ਹਨ। ਉਹਨਾਂ ਕਿਹਾ ਕਿ ਦੁਨੀਆਂ ਵਿਚ ਫੈਲੀ ਕਰੋਨਾ ਮਹਾਂਮਾਰੀ ਕਾਰਨ ਉਹਨਾਂ ਸਮਿਆਂ ਦੌਰਾਨ ਜਿੱਥੇ ਇਕ ਪਾਸੇ ਇਨਸਾਨ ਕੈਦ ਹੋਇਆ ਸੀ ਉੱਥੇ ਹੀ ਕੁਦਰਤ ਨੇ ਹੀ ਖੁੱਲ ਕੇ ਸਾਹ ਲਿਆ ਸੀ। ਉਹਨਾਂ ਦੱਸਿਆ ਕਿ ਇਸ ਬਿਮਾਰੀ ਨੇ ਲੋਕਾਂ ਨੂੰ ਸਾਫ ਹਵਾ ਦੀ ਕੀਮਤ ਤੋਂ ਜਾਣੂ ਕਰਵਾਇਆ ਸੀ। ਸੰਗਤਾਂ ਨੂੰ ਗੁਰਬਾਣੀ ਦਾ ਹਵਾਲਾ ਦਿੰਦਿਆ ਉਹਨਾਂ ਕਿਹਾ ਕਿ ਗੁਰੂਆਂ ਦੀ ਬਾਣੀ ਵੀ ਸਾਨੂੰ ਕੁਦਰਤ ਨਾਲ ਇਕਮਿਕ ਹੋ ਕੇ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੀ ਹੈ।
ਉਹਨਾਂ ਦੱਸਿਆ ਕਿ ਸਾਨੂੰ ਹਰ ਖੁਸ਼ੀ ਦੇ ਮੌਕੇ ਉਪਰ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਇਸ ਨਾਲ ਅਸੀ ਵਾਤਾਵਰਣ ਨੂੰ ਬਚਾਉਣ ਵਿਚ ਵੱਡਾ ਯੋਗਦਾਨ ਪਾ ਸਕਦੇ ਹਾਂ ਕਿਉਂਕਿ ਹਵਾ ਨੂੰ ਅਸੀ ਕਿਸੀ ਹੱਦ ਜਾਂ ਸਰਹੱਦ ਵਿਚ ਕੈਦ ਨਹੀ ਕਰ ਸਕਦੇ। ਇਸ ਮੌਕੇ ਸੰਤ ਸੀਚੇਵਾਲ ਨੇ ਗੁਰਸੰਗਤਾਂ ਵੱਲੋਂ ਦਿੱਤੇ ਗਏ ਯੋਗਦਾਨ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਂਬਰ ਸਹਿਬਾਨ, ਭਾਈ ਮਨਜਿੰਦਰ ਸਿੰਘ, ਭਾਈ ਹਰਨੇਕ ਸਿੰਘ, ਇੰਦਰਜੀਤ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਭਾਈ ਮਲਕੀਤ ਸਿੰਘ ਆਪੋ ਆਪਣੇ ਪਰਿਵਾਰ ਸਮੇਤ ਇਸ ਸਮਾਗਮ ਵਿਚ ਹਾਜ਼ਿਰ ਸੀ। ਸਮਾਗਮ ਦੌਰਾਨ ਲਗਾਏ ਲੰਗਰ ਦੀ ਸੇਵਾ ਭਾਈ ਮਨਜੀਤ ਸਿੰਘ ਵੱਲੋਂ ਕੀਤੀ ਗਈ ਸੀ।

