ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਪੁੱਜਾ ਮੁੱਖ ਮੰਤਰੀ ਕੋਲ
ਪ੍ਰਬੰਧਕ ਕਮੇਟੀ ਨੇ ਗੁਰੂ ਘਰ ਲਈ ਇਕ ਕਰੋੜ ਦਾ ਚੈੱਕ ਨੂੰ ਖੁਰਦ ਬੁਰਦ ਕਰਨ ਦੀ ਕੀਤੀ ਜਾਂਚ ਦੀ ਮੰਗ
ਪਟਿਆਲਾ 12 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਦੇ ਆਲੇ ਦੁਆਲੇ ਪਿੰਡ ਦੀ ਪੰਚਾਇਤ ਵਲੋਂ ਵੱਡੇ ਵੱਡੇ ਟੋਏ ਪੁੱਟ ਕੇ ਗੰਦਗੀ ਫਿਲਾਉਣ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਣ ਸਬੰਧੀ ਜਿੰਮੇਵਾਰ ਵਿਆਕਤੀਆਂ ਤੇ ਕਾਰਵਾਈ ਕਰਨ ਅਤੇ ਗੁਰਦੁਆਰਾ ਸਾਹਿਬ ਨੂੰ ਸੁਰੱਖਿਅਤ ਕਰਨ ਦੇ ਮਾਮਲੇ ਨੂੰ ਲੈਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਉਨ੍ਹਾਂ ਦੇ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਸ. ਬਲਤੇਜ ਪੰਨੂ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਵਿਚ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਦੋਂ 2016 ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਥਾਨ ਨੂੰ ਵੱਡਾ ਤੇ ਖ਼ੂਬਸੂਰਤ ਬਣਾਉਣ ਲਈ 11 ਕਰੋੜ ਦੇਣ ਦਾ ਐਲਾਨ ਕੀਤਾ ਸੀ ਤੇ ਇੱਥੇ ਖ਼ੁਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਤੇ ਕੰਮ ਦੀ ਸ਼ੁਰੂਆਤ ਕਰਨ ਲਈ 25-25 ਲੱਖ ਦੇ ਚਾਰ ਚੈੱਕ (ਇਕ ਕਰੋੜ) ਦਿੱਤਾ। ਪਿੰਡ ਦੇ ਸਰਪੰਚ ਕਾਂਗਰਸੀ ਹੋਣ ਕਰਕੇ ਉਹ ਕਾਂਗਰਸੀ ਉਮੀਦਵਾਰ ਬ੍ਰਹਮ ਮਹਿੰਦਰਾ ਨੂੰ ਵੋਟਾਂ ਪਾਉਣ ਲਈ ਸਾਨੂੰ ਕਹਿੰਦਾ ਸੀ।
ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਕ ਸਥਾਨ ਨੂੰ ਵੱਡਾ ਬਣਾਉਣ ਲਈ ਨੀਂਹ ਪੱਥਰ ਰੱਖਿਆ ਤਾਂ ਸਰਪੰਚ ਹਰਚੰਦ ਸਿੰਘ ਪਿੰਡ ਦੇ ਸਾਡੇ ਵਿਹੜੇ ਨਾਲ ਗ਼ੁੱਸੇ ਹੋ ਗਿਆ। 2017 ਵਿਚ ਸਰਕਾਰ ਕਾਂਗਰਸੀ ਦੀ ਬਣਨ ਕਰਕੇ ਸਰਪੰਚ ਨੇ ਇਤਿਹਾਸਕ ਸਥਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨਾਲ ਵੈਰ ਪਾਲ ਲਿਆ। ਉਸ ਨੇ ਸ. ਬਾਦਲ ਵੱਲੋਂ ਦਿੱਤਾ ਇਕ ਕਰੋੜ ਦਾ ਚੈੱਕ ਬ੍ਰਹਮ ਮਹਿੰਦਰਾ ਨੂੰ ਕਹਿ ਕੇ ਖ਼ੁਰਦ-ਬੁਰਦ ਕਰਵਾ ਦਿੱਤਾ। ਸਰਪੰਚ ਨੇ ਬ੍ਰਹਮ ਮਹਿੰਦਰਾ ਦੀ ਸਹਾਇਤਾ ਨਾਲ ਪਿੰਡ ਵਿਚ ਗੰਦੇ ਪਾਣੀ ਨੂੰ ਸੋਧਣ ਲਈ ਸੰਤ ਬਾਬਾ ਸੀਚੇਵਾਲ ਮਾਡਲ ਮਨਜ਼ੂਰ ਕਰਵਾ ਲਿਆ ਜੋ ਸ਼ਹੀਦਾਂ ਦੇ ਇਤਿਹਾਸਕ ਸਥਾਨ ਦੇ ਦਰ ਦੇ ਬਿਲਕੁਲ ਸਾਹਮਣੇ ਖੂਹ ਪੁੱਟ ਕੇ ਬਣਾਇਆ ਗਿਆ। ਇੱਥੇ ਹੁਣ ਸੰਗਤ ਨੂੰ ਸੜ੍ਹਾਂਦ ਮਾਰਦੀ ਹੈ। 2022 ਵਿਚ ਮੁੜ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤਾਂ ਸਰਪੰਚ ਨੇ ਸਾਡੇ ਕੋਲ ਸੁਨੇਹੇ ਪਹੁੰਚਾਏ ਕਿ ਉਹ ਵੋਟਾਂ ਕਾਂਗਰਸੀ ਉਮੀਦਵਾਰ ਮੋਹਿਤ ਮਹਿੰਦਰਾ ਨੂੰ ਪਾਉਣ ਤਾਂ ਸੰਤ ਸੀਚੇਵਾਲ ਮਾਡਲ ਉਹ ਗੁਰਦੁਆਰਾ ਸਾਹਿਬ ਦੇ ਅੱਗੋਂ ਚੁੱਕ ਦੇਵੇਗਾ।
ਪਰ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਸਰਪੰਚ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਗੁੰਮਰਾਹ ਕਰਕੇ ਸ਼ਹੀਦਾਂ ਦੇ ਸਥਾਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਛੱਪੜ ਕਰੀਬ 20 ਤੋਂ 25 ਫੁੱਟ ਡੂੰਘਾ ਪੁਟਵਾਇਆ ਜਿਸ ਕਾਰਨ ਗੁਰਦੁਆਰਾ ਸਾਹਿਬ ਦੇ ਨਾਲ ਦੀ ਦੀਵਾਰ ਵਿਚ ਤਰੇੜ ਆ ਗਈ। ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸੰਗਤਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਸਥਾਨ ਦਾ ਸੁੰਦਰੀਕਰਨ ਕੀਤਾ ਜਾਵੇ, ਛੱਪੜ ਵਾਲੇ ਪਾਸੇ ਵੱਡੀ ਦੀਵਾਰ ਕਰਕੇ ਇਤਿਹਾਸਕ ਸਥਾਨ ਨੂੰ ਬਚਾਇਆ ਜਾਵੇ, ਸਰਪੰਚ ਵੱਲੋਂ ਬਣਾਏ ਜਾ ਰਹੇ ਬੇਲੋੜੇ ਪਾਰਕ ਨੂੰ ਸੰਗਤ ਲਈ ਵਰਤੋਂ ਲਈ ਹੀ ਛੱਡਿਆ ਜਾਵੇ, ਸੰਤ ਸੀਚੇਵਾਲ ਮਾਡਲ ਤਹਿਤ ਗੁਰਦੁਆਰਾ ਸਾਹਿਬ ਦੇ ਅੱਗੇ ਪੁੱਟੇ ਗਏ ਗੰਦਗੀ ਦੇ ਖੂਹ ਬੰਦ ਕੀਤੇ ਜਾਣ, ਸੰਗਤਾਂ ਦੀਆਂ ਭਾਵਾਨਾਵਾਂ ਹਤਾਸ਼ ਹੋਈਆਂ ਹਨ ਇਸ ਕਰਕੇ ਸਬੰਧਤ ਸਰਪੰਚ ਤੇ ਉਸ ਦੇ ਸਾਥੀਆਂ ਤੇ ਕੇਸ ਦਰਜ ਕੀਤਾ ਜਾਵੇ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਇਕ ਕਰੋੜ ਦੇ ਚੈੱਕਾਂ ਦੀ ਜਾਂਚ ਕਰਵਾ ਕੇ ਜ਼ੁੰਮੇਵਾਰਾਂ ਉੱਤੇ ਕਾਰਵਾਈ ਕੀਤੀ ਜਾਵੇ।
ਮੁੱਖ ਮੰਤਰੀ ਦੇ ਡਾਇਰੈਕਟਰ ਬਲਤੇਜ ਪੰਨੂੰ ਨੇ ਕਿਹਾ ਹੈ ਕਿ ਹਲਕਾ ਵਿਧਾਇਕ ਡਾ. ਬਲਬੀਰ ਸਿੰਘ ਦੀ ਸਹਿਮਤੀ ਨਾਲ ਏਡੀਸੀ ਤੋਂ ਰਿਪੋਰਟ ਤਲਬ ਕਰ ਲਈ ਹੈ।

