ਐੱਮ.ਐੱਲ.ਏ, ਘਨੌਰ ਨੇ ਵਿਸ਼ਵ ਸਿਹਤ ਦਿਵਸ ਮੌਕੇ ਆਰੀਅਨਜ਼ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ
ਮੋਹਾਲੀ, 7 ਮਾਰਚ (ਮਧੂਸਾਰ ਬਿਊਰੋ) ਨਵੀਂ ਬਣੀ ਭਗਵੰਤ ਮਾਨ ਸਰਕਾਰ ਦੀ ਸਿਹਤ ਅਤੇ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੈ। ਸਰਕਾਰ ਆਮ ਲੋਕਾਂ ਲਈ ਬੁਨਿਆਦੀ ਲੋੜਾਂ ਨੂੰ ਉਪਲਬਧ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਹਲਕਾ ਘਨੌਰ ਦੇ ਵਿਧਾਇਕ ਸ. ਗੁਰਲਾਲ ਸਿੰਘ ਨੇ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ “ਵਿਸ਼ਵ ਸਿਹਤ ਦਿਵਸ” ਮੌਕੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਮੁਹੱਲਾ ਕਲੀਨਿਕ ਸ਼ੁਰੂ ਕਰਕੇ ਅਤੇ ਸਿਹਤ ਖੇਤਰ ਵਿੱਚ ਕਈ ਹੋਰ ਪਹਿਲ ਕਰਕੇ ਪੂਰੇ ਦੇਸ਼ ਵਿੱਚ ਬੈਂਚਮਾਰਕ ਸੈੱਟ ਕੀਤਾ ਹੈ।

ਸਮਾਗਮ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ। ਇਸ ਮੌਕੇ ਡਾ. ਰਸ਼ਮੀ ਨਾਸਰਾ, ਡਾ. ਪਰਵੀਨ ਕਟਾਰੀਆ, ਪ੍ਰੋ. ਬੀ.ਐਸ.ਸਿੱਧੂ, ਡਾ. ਗਰਿਮਾ ਠਾਕੁਰ, ਡਾ. ਜੇ.ਕੇ.ਸੈਣੀ,ਡਾ. ਕ੍ਰਿਸ਼ਨ ਸਿੰਗਲਾ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਸ. ਗੁਰਭੇਜ ਸਿੰਘ, ਸਰਪੰਚ, ਆਲਮਪੁਰ ਅਤੇ ਸ. ਮਨਪ੍ਰੀਤ ਸਿੰਘ, ਸਰਪੰਚ, ਨੇਪਰਾ ਵੀ ਹਾਜ਼ਰ ਸਨ। ਡਾ. ਪਰਵੀਨ ਕਟਾਰੀਆ ਨੇ ਸਿਹਤਮੰਦ ਜੀਵਨ ਲਈ ਖੁਸ਼ੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੁਸ਼ੀ ਚੰਗੀ ਸਿਹਤ ਦਾ ਦੂਜਾ ਰੂਪ ਹੈ। ਖੁਸ਼ਹਾਲੀ ਉਦੋਂ ਹੀ ਆਵੇਗੀ ਜਦੋਂ ਅਸੀਂ ਸਿਹਤਮੰਦ ਅਤੇ ਤੰਦਰੁਸਤ ਹੋਵਾਂਗੇ। ਪਰ ਅੱਜ ਅਸੀਂ ਇੱਕ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜਿੱਥੇ ਅਸੀਂ ਲੋਕਾਂ ਨਾਲੋਂ ਜ਼ਿਆਦਾ ਚੀਜ਼ਾਂ ਨੂੰ, ਪਰਿਵਾਰ ਨਾਲੋਂ ਜ਼ਿਆਦਾ ਕੰਮ ਨੂੰ,ਸਿਹਤ ਤੋਂ ਵੱਧ ਭੋਜਨ ਅਤੇ ਜੀਵਨ ਨਾਲੋਂ ਰੁਤਬੇ ਨੂੰ ਮਹੱਤਵ ਦਿੰਦੇ ਹਾਂ, ਕਟਾਰੀਆ ਨੇ ਕਿਹਾ।

ਡਾ. ਨਾਸਰਾ ਨੇ ਕਿਹਾ ਕਿ ਚੰਗੀ ਸਿਹਤ ਲਈ ਸਿਰਫ਼ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਵੀ ਸ਼ਾਮਲ ਹੈ। ਇੱਕ ਵਿਅਕਤੀ ਕੋਲ ਇਹ ਤਿੰਨੇ ਹੋਣੇ ਚਾਹੀਦੇ ਹਨ ਜੇਕਰ ਉਹ ਜੀਵਨ ਨੂੰ ਚੰਗੀ ਤਰ੍ਹਾਂ ਜਿਉਣਾ ਚਾਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਸਿਹਤ ਮਨੁੱਖੀ ਖੁਸ਼ੀ ਅਤੇ ਤੰਦਰੁਸਤੀ ਲਈ ਬੁਨਿਆਦੀ ਹੈ, ਉਨ੍ਹਾਂ ਨੇ ਦੱਸਿਆ। ਆਰੀਅਨਜ਼ ਕਾਲਜ ਆਫ ਫਾਰਮੇਸੀ ਅਤੇ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ ਦੇ ਸੈਂਕੜੇ ਵਿਦਿਆਰਥੀਆਂ ਨੇ ਇਸ ਮੌਕੇ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।

