ਭਾਈ ਗੁਰਦਾਸ ਚੇਅਰ ਵੱਲੋਂ ਸਿਰਦਾਰ ਕਪੂਰ ਸਿੰਘ ਦੀ ਯਾਦ ਵਿਚ ਸੈਮੀਨਾਰ
ਪਟਿਆਲਾ: 9 ਮਾਰਚ (ਮਧੂਸਾਰ ਬਿਉਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਭਾਈ ਗੁਰਦਾਸ ਚੇਅਰ ਅਤੇ ਸਿਰਦਾਰ ਕਪੂਰ ਸਿੰਘ ਫਾਂਊਂਡੇਸ਼ਨ ਵੱਲੋਂ ਸਿਰਦਾਰ ਕਪੂਰ ਸਿੰਘ ਦੀ ਯਾਦ ਵਿਚ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸਿਰਦਾਰ ਕਪੂਰ ਸਿੰਘ ਨੇ ਸਮਕਾਲ ਦੇ ਹਾਕਮਾਂ ਵੱਲੋਂ ਪਦਰੇ ਵਿਚ ਕੀਤੀਆਂ ਅਹਿਮ ਘਟਨਾਵਾਂ ਨੂੰ ਬੇਪਰਦ ਕਰਕੇ ਪੰਜਾਬ ਦੇ ਇਸ ਖਿੱਤੇ ਨੂੰ ਨਵੀਂ ਸੇਧ ਦਿੱਤੀ।
ਉਨ੍ਹਾਂ ਵੱਲੋਂ ਕੀਤੀਆਂ ਬੇਬਾਕ ਟਿੱਪਣੀਆਂ ਅੱਜ ਵੀ ਸਮੇਂ ਦੇ ਹਾਕਮਾਂ ਲਈ ਅਸਹਿ ਹਨ। ਕੇਂਦਰੀ ਭਾਸ਼ਨ ਵਿਚ ਬੋਲਦਿਆਂ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਮਾਂ ਬੋਲੀਆਂ ਦੇ ਮਹੱਤਵ ਦੀ ਗੱਲ ਕਰਦੇ ਹੋਏ ਦੱਸਿਆ ਕਿ ਪ੍ਰਬੁੱਧਤਾ ਪ੍ਰਾਪਤ ਕਰਨ ਤੇ ਸਮੇਂ ਦੇ ਗਿਆਨ ਦਾ ਹਾਣੀ ਹਮੇਸ਼ਾ ਹੀ ਉਹ ਕੌਮਾਂ ਹੋਈਆਂ, ਜਿਨ੍ਹਾਂ ਆਪਣੀ ਮਾਂ ਬੋਲੀ ਵੱਲ ਪਿੱਠ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਯਹੂਦੀ ਤੇ ਚੀਨ ਦੇ ਲੋਕ ਆਪਣੀਆਂ ਬੋਲੀਆਂ ਦੇ ਮਾਧਿਅਮ ਰਾਹੀਂ ਕੁਲ ਸੰਸਾਰ ਦੇ ਗਿਆਨ ਪ੍ਰਬੰਧ ਤੇ ਆਰਥਿਕ ਪਣਾਲੀ ‘ਤੇ ਆਪਣੀ ਪੂਰੀ ਪੈਂਠ ਬਣਾ ਸਕਦੇ ਹਨ ਤਾਂ ਪੰਜਾਬੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਕੇਵਲ ਧੌਂਸਪੁਣੇ ‘ਚ ਆਪਣੀ ਪਿੱਠ ਥਾਪੜ ਕੇ ਪੰਜਾਬ ਦਾ ਇਹ ਖਿੱਤਾ ਬਹੁਤ ਪਛੜ ਚੁੱਕਾ ਹੈ। ਅੱਜ ਵੀ ਜੇਕਰ ਅਸੀਂ ਆਪਣੀ ਵਿਰਾਸਤ ਦਾ ਲੜ ਫੜ ਲਈਏ ਤਾਂ ਵੱਡੀਆਂ ਪ੍ਰਾਪਤੀਆਂ ਕਰਨ ਦੀ ਸਮਰੱਥਾ ਅੱਜ ਵੀ ਸਾਡੇ ਵਿਚ ਹੈ। ਡਾ. ਕੇਹਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪ੍ਰੋ. ਪੂਰਨ ਸਿੰਘ ਤੋਂ ਬਾਅਦ ਇਕੋ ਇਕ ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਹਨ ਜਿਨ੍ਹਾਂ ਨੇ ਸਿੱਖ ਸਿਧਾਂਤ ਨੂੰ ਸਦ-ਤਾਜ਼ਗੀ ਬਖਸ਼ ਜਨ-ਸਧਾਰਨ ਨੂੰ ਸਿੱਖ ਧਰਮ ਵੱਲ ਪੁਨਰ ਪ੍ਰੇਰਿਤ ਕੀਤਾ। ਡਾ. ਬਲਕਾਰ ਸਿੰਘ ਨੇ ਕਿਹਾ ਕਿ ਸਿਰਦਾਰ ਕਪੂਰ ਸਿੰਘ ਨੂੰ ਪਰਿਭਾਸ਼ਿਤ ਕਰਨਾ ਸਹਿਜ ਪ੍ਰਕਿਰਿਆ ਨਹੀਂ ਹੈ। ਡਾ. ਕੁਲਵੰਤ ਸਿੰਘ ਗਰੇਵਾਲ ਨੇ ਸਭ ਤੋਂ ਪਹਿਲਾਂ ਸਿਰਦਾਰ ਕਪੂਰ ਸਿੰਘ ਦੀ ਮਿਕਨਾਤਸ਼ੀ ਸ਼ਖਸੀਅਤ ਬਾਰੇ ਜਾਣਕਾਰੀ ਦਿੱਤੀ। ਅੰਤ ਵਿਚ ਪਰਮਜੀਤ ਸਿੰਘ ਨੇ ਸ਼ਾਮਲ ਸਰੋਤਿਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ।

