ਪੰਜਾਬਪਟਿਆਲਾ

ਗੁਰਮਤਿ ਕਾਲਜ ਦੇ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਖੋਜਾਰਥੀ ਸਨਮਾਨਤ

ਪਟਿਆਲਾ 18 ਅਪ੍ਰੈਲ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੁਰਮਤਿ ਕਾਲਜ, ਪਟਿਆਲਾ ਦੇ ਸਾਬਕਾ ਵਿਦਿਆਰਥੀ ਅਰਸ਼ਬੀਰ ਸਿੰਘ ਕੈਨੇਡਾ ਦੁਆਰਾ ਆਪਣੇ ਜਮਾਤੀਆਂ ਨਾਲ ਮਿਲ ਕੇ ਵਿਸ਼ੇਸ਼ ਸਹਿਯੋਗ ਨਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਸਨਮਾਨ ਸਮਾਰੋਹ ਦੌਰਾਨ ਗੁਰਮਤਿ ਕਾਲਜ, ਪਟਿਆਲਾ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ 39ਵੀਂ ਕਨਵੋਕੇਸ਼ਨ ਸਮੇਂ ਪੰਜਾਬੀ ਯੂਨੀਵਰਿਸਟੀ, ਪਟਿਆਲਾ ਤੋਂ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਸੀ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਵਾਈਸ-ਚਾਂਸਲਰ ਡਾ. ਪਿਰਤਪਾਲ ਸਿੰਘ ਨੇ ਵਿਸ਼ੇਸ਼ ਹਾਜ਼ਰੀ ਲਗਵਾਈ। ਉਨ੍ਹਾਂ ਸਾਰੇ ਖੋਜਾਰਥੀਆਂ ਨੂੰ ਸ. ਅਰਸ਼ਬੀਰ ਸਿੰਘ ਦੁਆਰਾ ਭੇਜੇ ਗਿਆਰਾਂ-ਗਿਆਰਾਂ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ। ਦੋਵਾਂ ਸ਼ਖ਼ਸੀਅਤਾਂ ਵਲੋਂ ਸਨਮਾਨ ਪ੍ਰਾਪਤ ਕਰਨ ਵਾਲੇ ਖੋਜਾਰਥੀਆਂ ਨੂੰ ਜਿਥੇ ਵਧਾਈ ਦਿਤੀ ਗਈ ਓਥੇ ਸਦਾ ਹੀ ਖੋਜ ਕਾਰਜਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ ਗਿਆ। ਇਸ ਸਮੇਂ ਡਾ. ਦਿਲਵਰ ਸਿੰਘ ਵਲੋਂ ਗੁਰਮਤਿ ਕਾਲਜ, ਪਟਿਆਲਾ ਦੀ ਸਥਾਪਨਾ, ਪ੍ਰਯੋਜਨ ਅਤੇ ਪ੍ਰਾਪਤੀਆਂ ਸੰਬੰਧੀ ਵਿਸ਼ੇਸ਼ ਭਾਸ਼ਣ ਦਿਤਾ ਗਿਆ, ਜਿਸ ਰਾਹੀਂ ਗੁਰਮਤਿ ਕਾਲਜ ਦੁਆਰਾ ਸਿੱਖ ਧਰਮ ਅਧਿਐਨ/ਅਧਿਆਪਨ ਦੇ ਖੇਤਰ ਵਿਚ ਪਾਏ ਯੋਗਦਾਨ ਸੰਬੰਧੀ ਚਾਨਣਾ ਪਾਇਆ ਗਿਆ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ 13 ਖੋਜਾਰਥੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਡਾ. ਜਸਵਿੰਦਰ ਕੌਰ, ਡਾ, ਮੱਖਣ ਸਿੰਘ, ਡਾ. ਸਰਬਵੀਰ ਸਿੰਘ, ਡਾ. ਪਲਵਿੰਦਰ ਕੌਰ, ਡਾ. ਜਸਵੰਤ ਸਿੰਘ, ਡਾ. ਪਰਮਜੀਤ ਕੌਰ, ਡਾ. ਜਸਵਿੰਦਰ ਕੌਰ, ਡਾ. ਗੁਰਵੀਰ ਸਿੰਘ, ਡਾ. ਸ਼ੁਭਕਰਨ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਬੇਅੰਤ ਸਿੰਘ, ਡਾ. ਸੰਦੀਪ ਸਿੰਘ, ਡਾ. ਅਜੈਪਾਲ ਸਿੰਘ ਸ਼ਾਮਲ ਸਨ। ਸਨਮਾਨ ਸਮਾਰੋਹ ਦੌਰਾਨ ਡਾ. ਕੁਲਵਿੰਦਰ ਸਿੰਘ ਦੁਆਰਾ ਹਾਜ਼ਰ ਮਹਿਮਾਨਾਂ/ਖੋਜਾਰਥੀਆਂ ਦਾ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ‘ਧੰਗੇੜਾ’ ਵਲੋਂ ਸ. ਅਰਸ਼ਬੀਰ ਸਿੰਘ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਦੇ ਦਾਦਾ ਸ. ਕਿਰਪਾਲ ਸਿੰਘ ਮਾਨ ਸਮੇਤ ਮੁਖ ਮਹਿਮਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਵਾਈਸ-ਚਾਂਸਲਰ ਡਾ. ਪਿਰਤਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਮਤਿ ਕਾਲਜ, ਪਟਿਆਲਾ ਦੇ ਸਾਬਕਾ ਵਿਦਿਆਰਥੀ ਡਾ. ਮਲਕਿੰਦਰ ਕੌਰ, ਡਾ. ਤੇਜਿੰਦਰ ਪਾਲ ਸਿੰਘ, ਡਾ. ਗੁਰਤੇਜ ਸਿੰਘ, ਡਾ. ਪਲਵਿੰਦਰ ਕੌਰ, ਡਾ. ਅਮਨ ਸਿੰਘ ਆਦਿ ਵਿਸ਼ੇਸ਼ ਕਰਕੇ ਹਾਜ਼ਰ ਰਹੇ।

Leave a Reply

Your email address will not be published. Required fields are marked *