ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਜਲ ਯੋਜਨਾ ਲਈ ਜਲ ਸੋਧਕ ਪਲਾਂਟ ਅਬਲੋਵਾਲ ਦੀ ਪ੍ਰਗਤੀ ਦਾ ਜਾਇਜ਼ਾ
ਸਬੰਧਤ ਵਿਭਾਗਾਂ ਦੀ ਸਾਂਝੀ ਤਾਲਮੇਲ ਕਮੇਟੀ ਗਠਿਤ ਕਰਕੇ ਪ੍ਰਾਜੈਕਟ ਦੇ ਕੰਮ ‘ਚ ਤੇਜੀ ਲਿਆਉਣ ਦੀ ਹਦਾਇਤ

ਪਟਿਆਲਾ, 25 ਅਪ੍ਰੈਲ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਅਬਲੋਵਾਲ ਵਿਖੇ ਨਹਿਰੀ ਪਾਣੀ ‘ਤੇ ਅਧਾਰਤ 503 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਇਸ ਦੇ ਕੰਮ ‘ਚ ਤੇਜੀ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਅਬਲੋਵਾਲ ਵਿਖੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਸਾਕਸ਼ੀ ਸਾਹਨੀ ਨੂੰ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਕਪੂਰ ਅਤੇ ਲਾਰਸਨ ਐਂਡ ਟੂਬਰੋ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸੁਖਦੇਵ ਝਾਅ ਨੇ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਨਾਲ ਨਗਰ ਨਿਗਮ ਸੰਯੁਕਤ ਕਮਿਸ਼ਨਰ ਜਸਲੀਨ ਕੌਰ ਭੁੱਲਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਦੇ ਕੰਮ ਦੀ ਹਫ਼ਤਾਵਾਰੀ ਸਮੀਖਿਆ ਸਮੇਤ ਸ਼ਹਿਰ ‘ਚ ਜਿੱਥੇ ਕਿਤੇ ਕੋਈ ਸਮੱਸਿਆ ਆ ਰਹੀ ਹੈ, ਦੇ ਤੁਰੰਤ ਨਿਪਟਾਰੇ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀ ਅਗਵਾਈ ਹੇਠ ਇੱਕ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ। ਇਸ ਕਮੇਟੀ ‘ਚ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ, ਵਣ ਮੰਡਲ ਅਫ਼ਸਰ ਦਾ ਤਕਨੀਕੀ ਨੁਮਾਇੰਦਾ, ਨਗਰ ਸੁਧਾਰ ਟਰਸਟ ਦੇ ਕਾਰਜ ਸਾਧਕ ਅਫ਼ਸਰ ਆਦਿ ਅਧਿਕਾਰੀਆਂ ਨੂੰ ਇਸ ‘ਚ ਸ਼ਾਮਲ ਕੀਤਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਪਟਿਆਲਾ ਸ਼ਹਿਰ ਦੀ ਭਵਿਖੀ ਜੀਵਨ ਰੇਖਾ ਮੰਨੇ ਜਾਂਦੇ ਇਸ ਨਹਿਰੀ ਪਾਣੀ ‘ਤੇ ਅਧਾਰਤ ਜਲ ਸਪਲਾਈ ਯੋਜਨਾ ਤਹਿਤ ਸ਼ੁੱਧੀਕਰਨ ਪਲਾਂਟ ਨੂੰ ਮਿਥੇ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਮੌਕੇ ਜ਼ਮੀਨਦੋਜ਼ ਸਰਵਿਸ ਜਲ ਭੰਡਾਰਨ ਸਮੇਤ ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਸਮੇਤ ਪਾਣੀ ਦੀ ਪੂਰਤੀ ਲਈ ਨਵੀਆਂ ਲਾਇਨਾਂ ਵਿਛਾਏ ਜਾਣ ਦੇ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੰਪਨੀ ਨੂੰ ਇਹ ਵੀ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਦਾ ਹਰ ਮਹੀਨੇ ਆਡਿਟ ਕਰਵਾਉਣ ਤੋਂ ਇਲਾਵਾ ਹਰ ਮਹੀਨੇ 30 ਕਿਲੋਮੀਟਰ ਕੰਮ ਪੂਰਾ ਕਰਨ ਸਮੇਤ ਲੋੜੀਂਦੇ ਵਿਭਾਗੀ ਇਤਰਾਜ ਹੀਣਤਾ ਸਰਟੀਫਿਕੇਟ ਵੀ ਤੁਰੰਤ ਲੈਣੇ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਅਮਰੁਤ ਸਕੀਮ ਤਹਿਤ ਪੰਜਾਬ ਸਰਕਾਰ ਦੇ ਹਿੱਸੇ ਵਾਲੇ ਇਸ ਅਹਿਮ ਪ੍ਰਾਜੈਕਟ ਤਹਿਤ 236 ਮਿਲੀਅਨ ਲਿਟਰ ਪਾਣੀ ਨੂੰ ਸੰਭਾਲਣ ਲਈ ਜਮੀਨਦੋਜ਼ ਜਲ ਭੰਡਾਰਨ, 115 ਮਿਲੀਅਨ ਲਿਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਜਲ ਸ਼ੁੱਧੀਕਰਨ ਪਲਾਂਟ, 17.25 ਮਿਲੀਅਨ ਲਿਟਰ ਸਾਫ਼ ਪਾਣੀ ਵਾਲਾ ਜਲ ਭੰਡਾਰਨ, ਸ਼ਹਿਰ ‘ਚ 312.22 ਕਿਲੋਮੀਟਰ ਨਵੀਆਂ ਪਾਇਪ ਲਾਈਨਾਂ ਪਾਉਣ ਸਮੇਤ 12 ਟੈਂਕੀਆਂ ਅਤੇ 16 ਜਮੀਨ ਦੋਜ਼ ਟੈਂਕੀਆਂ ਦਾ ਕੰਮ ਜਾਰੀ ਹੈ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ ਕਾਰਜਕਾਰੀ ਇੰਜੀਨੀਅਰ ਸੁਰੇਸ਼ ਅਰੋੜਾ, ਜਲ ਸਪਲਾਈ ਬੋਰਡ ਦੇ ਐਸ.ਡੀ.ਓ. ਸੰਜੇ ਜਿੰਦਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

