ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬ

ਗੁਰੂ ਤੇਗ ਬਹਾਦਰ ਸਾਹਿਬ ਦੇ ਸੰਪੂਰਨਤਾ ਵਰੇ੍ਹ ਨੂੰ ਸਮਰਪਿਤ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਦਾ ਜਨਮ ਦਿਹਾੜਾ ਬੁੱਢਾ ਦਲ ਵਲੋਂ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਮਨਾਇਆ ਗਿਆ।

ਅੰਮ੍ਰਿਤਸਰ, 03 ਮਈ (ਮਧੂਸਾਰ ਬਿਊਰੋ) -ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਵਰ੍ਹੇ ਨੂੰ ਸਮਰਪਿਤ ਅਤੇ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਦਾ 304ਵਾਂ ਜਨਮ ਦਿਹਾੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁ: ਮੱਲ ਅਖਾੜਾ ਪਾ: ਛੇਵੀ, ਬੁਰਜ ਨਿਸ਼ਾਨ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਗੁਰਮਤਿ ਸਮਾਗਮਾਂ ਨਾਲ ਮਨਾਇਆ ਗਿਆ।

ਉਪਰੋਕਤ ਦੋਹਾਂ ਧਾਰਮਿਕ ਸਮਾਗਮਾਂ ਦੇ ਸਬੰਧ ਵਿੱਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਭਾਈ ਕੇਵਲ ਸਿੰਘ ਕੋਮਲ ਦੇ ਢਾਡੀ ਜਥੇ: ਨੇ ਵਾਰਾਂ ਗਾਇਨ ਕੀਤੀਆਂ, ਬਾਬਾ ਮਨਮੋਹਣ ਸਿੰਘ ਬਾਰਨ ਵਾਲਿਆਂ ਨੇ ਇਤਿਹਾਸ ਅਤੇ ਗੁਰਬਾਣੀ ਕਥਾ ਵਿਖਿਆਨ ਕੀਤਾ।ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸਮੁੱਚੇ ਜੀਵਨ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆਂ ਦੇ ਜਨਮ ਦਿਹਾੜੇ ਤੇ ਬੋਲਦਿਆਂ ਕਿਹਾ ਸਿੱਖ ਪੰਥ ਦੇ ਮਹਾਨ ਯੋਧੇ ਖਾਲਸਾ ਪੰਥ ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲ਼ੀਆਂ ਦਾ ਜਨਮ 3 ਮਈ 1718 ਈ: ਨੂੰ ਪਿੰਡ ਆਹਲੂ ਲਾਹੌਰ ਵਿਖੇ ਹੋਇਆ।ਪਰੀਵਾਰ ਗੁਰਮਤਿ ਦਾ ਧਾਰਣੀ ਸੀ।ਉਨ੍ਹਾਂ ਦਾ ਬਚਪਨ ਮਾਤਾ ਸੁੰਦਰੀ ਜੀ ਦੇ ਚਰਨਾਂ ਵਿੱਚ ਪ੍ਰਵਾਨ ਚੜਿਆ।ਉਨ੍ਹਾਂ ਕਿਹਾ ਸ੍ਰ. ਜੱਸਾ ਸਿੰਘ ਨੇ ਦਿੱਲੀ ਵਿਖੇ ਹੀ ਅਰਬੀ, ਫਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ।ਗੁਰਬਾਣੀ ਅਤੇ ਕੀਰਤਨ ਦੀ ਸਿੱਖਿਆ ਸ੍ਰ. ਜੱਸਾ ਸਿੰਘ ਨੇ ਆਪਣੀ ਮਾਤਾ ਤੋਂ ਗ੍ਰਹਿਣ ਕੀਤੀ।ਬਾਬਾ ਜੱਸਾ ਸਿੰਘ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ, ਗੁਰਜ, ਢਾਲ, ਕਮਾਨ, ਤੀਰਾਂ ਦਾ ਭੱਥਾ, ਪੁਸ਼ਾਕ ਅਤੇ ਇੱਕ ਚਾਂਦੀ ਦੀ ਚੌਰ ਗੁਰੂ ਮਹਿਲ ਮਾਤਾ ਸੁੰਦਰੀ ਜੀ ਨੇ ਬਖਸ਼ਿਸ਼ ਕੀਤੀ।

ਉਪਰੰਤ ਉਹ ਬੁੱਢਾ ਦਲ ਦੇ ਤੀਜੇ ਜਥੇਦਾਰ ਨਵਾਬ ਕਪੂਰ ਸਿੰਘ ਦੀ ਤਾਬਿਆਂ ਦਲਪੰਥ ਦੀ ਸੇਵਾ ਵਿੱਚ ਅਤੇ ਵੱਖ-ਵੱਖ ਮੁਹਿੰਮਾਂ ਸਮੇਂ ਨਾਲ ਰਹੇ।ਸ੍ਰ. ਬੇਦੀ ਨੇ ਹੋਰ ਕਿਹਾ ਕਿ ਬਾਬਾ ਜੱਸਾ ਸਿੰਘ ਬਹੁਤ ਹੀ ਦੂਰ ਅੰਦੇਸ਼ ਸਮਝਦਾਰ, ਸਿਆਣੇ, ਸਿੱਖ ਜਰਨੈਲ ਸਨ।ਅੱਜ ਉਨ੍ਹਾਂ ਦਾ ਜਨਮ ਦਿਹਾੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ ਹੈ।ਆਏ ਵਿਸ਼ੇਸ਼ ਮਹਿਮਾਨਾਂ ਨੂੰ ਸ੍ਰੀ ਗੁਰੁ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਪੂਰਨਤਾ ਨੂੰ ਸਮਰਪਿਤ “ਨਿਹੰਗ ਸਿੰਘ ਸੰਦੇਸ਼” ਰਸਾਲੇ ਦਾ ਵਿਸ਼ੇਸ਼ ਅੰਕ ਤੇ ਹੋਰ ਲਿਟਰੇਚਰ ਨਾਲ ਸਨਮਾਨਤ ਕੀਤਾ ਗਿਆ।ਸਮਾਪਤੀ ਅਰਦਾਸ ਬਾਬਾ ਗੁਰਲਾਲ ਸਿੰਘ ਗ੍ਰੰਥੀ ਨੇ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੱਦੀ ਇਕੱਤਰਤਾ ਤੋਂ ਪਹਿਲਾਂ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਸੰਤ ਬਾਬਾ ਲਖਬੀਰ ਸਿੰਘ ਬਲੋਂਗੀ ਰਤਵਾੜੇ ਵਾਲੇ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਮੇਜਰ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਭਗਤ ਸਿੰਘ ਬਹਾਦਰਗੜ੍ਹ, ਬਾਬਾ ਦਲੇਰ ਸਿੰਘ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ, ਬਾਬਾ ਹਰਦੀਪ ਸਿੰਘ ਵਿਰਕ ਕੁੰਬੜੀਆਂ, ਬਾਬਾ ਲੱਖਾ ਸਿੰਘ ਮੱਲਣ, ਬਾਬਾ ਗਗਨਦੀਪ ਸਿੰਘ, ਬਾਬਾ ਗੁਰਪ੍ਰੀਤ ਸਿੰਘ ਮਾਛੀਵਾੜਾ, ਵੰਸਪ੍ਰਤਾਪ ਸਿੰਘ ਗੁਰਦਾਸਪੁਰ, ਸ੍ਰ. ਗੁਰਦੇਵ ਸਿੰਘ ਢਿੱਲੋਂ, ਸ੍ਰ. ਮਨਪ੍ਰੀਤ ਸਿੰਘ ਬੇਦੀ ਨੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਹਾਜ਼ਰੀ ਲਵਾਈ।ਇਸ ਤੋਂ ਪਹਿਲਾਂ ਗੁ: ਬਾਬਾ ਅਟੱਲ ਰਾਏ ਵਿਖੇ ਇਤਿਹਾਸਕ ਯਾਦਗਾਰ ਗੁ: ਬਾਬਾ ਜੱਸਾ ਸਿੰਘ ਆਹਲੂਵਾਲੀਆਂ ਵਿਖੇ ਬੁੱਢਾ ਦਲ ਦੇ ਸਿੰਘਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।

Leave a Reply

Your email address will not be published. Required fields are marked *