ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਡੀ.ਸੀ. ਅਤੇ ਐਸਐਸਪੀ ਨੂੰ ਮੈਮੋਰੰਡਮ
ਝੋਨੇ ਦੀ ਲਵਾਈ ਨੂੰ ਲੈ ਕੇ ਜਾਰੀ ਸ਼ਡਿਊਲ ਨੂੰ ਵਾਪਸ ਲਵੇ ਸਰਕਾਰ : ਪ੍ਰੋ. ਚੰਦੂਮਾਜਰਾ, ਸ. ਰੱਖੜਾ

ਸੂਬੇ ਭਰ ’ਚ ਬਿਜਲੀ ਸੰਕਟ ਆਪ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜਾ
ਧਰਮ ਦੇ ਨਾਂ ਲੜਾ ਕੇ ਭਾਈਚਾਰਕ ਸਾਂਝ ’ਚ ਵੰਡੀਆਂ ਨਾ ਪਾਵੇ ਸਰਕਾਰ : ਸ਼ੋ੍ਰਮਣੀ ਅਕਾਲੀ ਦਲ
ਪਟਿਆਲਾ 9 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ ਪੰਜਾਬ ਦੇ ਭੱਖਦੇ ਮੁੱਦਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸਐਸਪੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਦੀ ਅਗਵਾਈ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ. ਸੁਰਜੀਤ ਸਿੰਘ ਰੱਖੜਾ ਕਰ ਰਹੇ ਸਨ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਬਿਜਲੀ ਸਪਲਾਈ ਨੂੰ ਲੈ ਕੇ ਜਿਥੇ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਜਾਰੀ ਕੀਤਾ ਗਿਆ ਸ਼ਡਿਊਲ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਫੈਸਲੇ ਨੂੰ ਵਾਪਸ ਲਵੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੀ ਸਰਕਾਰ ਵੱਲੋਂ ਜਾਰੀ ਸ਼ਡਿਊਲ ਨੂੰ ਜਿਥੇ ਮੁੱਢੋ ਰੱਦ ਕਰ ਚੁੱਕੀਆਂ ਹਨ, ਉਥੇ ਹੀ ਸ਼ੋ੍ਰਮਣੀ ਅਕਾਲੀ ਦਲ ਕਿਸਾਨਾਂ ਵੱਲੋਂ ਕੀਤੇ ਇਸ ਫੈਸਲੇ ਦੀ ਹਮਾਇਤ ਕਰਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਬਿਜਲੀ ਦੇ ਗੰਭੀਰ ਸੰਕਟ ’ਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਅਨੁਸਾਰ ਜੇ 10 ਦਿਨ ਝੋਨਾ ਲੇਟ ਲਾਇਆ ਜਾਂਦਾ ਹੈ ਤਾਂ ਉਸ ਦੀ ਮਾਰੀ ਸਰਦੀ ਰੁੱਤ ਵਿਚ ਪਵੇਗੀ ਅਤੇ ਕਣਕ ਦਾ ਝਾੜ ਘੱਟਣ ਕਾਰਨ ਕਿਸਾਨਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਖੁਦਕਸ਼ੀਆਂ ਕਰ ਰਿਹਾ ਅਤੇ ਸਹਿਕਾਰੀ ਸੰਸਥਾਵਾਂ ਬੰਦ ਹੋਣ ਦੇ ਕੰਢੇ ’ਤੇ ਹਨ, ਪ੍ਰੰਤੂ ਸੰਕਟ ਵਿਚੋਂ ਨਿਕਲਣ ਲਈ ਸੁਹਿਰਦ ਵਿਖਾਈ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਲਕਾ ਸਨੌਰ ਦੇ ਪਿੰਡ ਮੀਰਾਂਪੁਰ ’ਚ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਵੱਲੋਂ ਖੁਦਕਸ਼ੀ ਕੀਤੀ ਗਈ ਅਤੇ ਪੀੜਤ ਪਰਿਵਾਰ ਦੀ ਮਾਲੀ ਸਹਾਇਤਾ ਲਈ ਸਰਕਾਰ ਨੇ ਹੁਣ ਤੱਕ ਕੋਈ ਵੀ ਯੋਗ ਕਦਮ ਨਹੀਂ ਚੁੱਕਿਆ ਅਤੇ ਨਾਲ ਕਿਸਾਨ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਭੰਗ ਹੋ ਚੁੱਕੀ ਹੈ, ਜਿਸ ਕਾਰਨ ਪਟਿਆਲਾ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੇਕਸੂਰ ਸਿੱਖ ਨੌਜਵਾਨਾਂ ਦੀ ਫੜੀ ਫੜੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਈ ਹੈ ਉਸ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕੀਤਾ ਜਾ ਰਿਹਾ ਹੈ ਅਤੇ ਧਰਮ ਦੇ ਨਾਂ ’ਤੇ ਪੈਦਾ ਹੋ ਰਹੇ ਟਕਰਾਅ ਨੂੰ ਗੰਭੀਰਤਾ ਨਾਲ ਰੋਕਣ ਦੀ ਲੋੜ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਟਿਆਲਾ ਹਿੰਸਾ ਮਾਮਲੇ ’ਚ ਸ਼ਾਮਲ ਅਸਲ ਦੋਸ਼ੀਆਂ ਨੂੰ ਫੜਨ ਅਤੇ ਸਖਤ ਧਰਾਵਾਂ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਡਰੇਨਾਂ ਅਤੇ ਰਜਬਾਹਿਆਂ ਦੀ ਸਫਾਈ ਨਾ ਕੀਤੇ ਜਾਣੇ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਹੜ੍ਹ ਰੋਕੂ ਪ੍ਰਬੰਧਾਂ ਦੀ ਕਿਤੇ ਵੀ ਵਿਵਸਥਾ ਨਜ਼ਰ ਨਹੀਂ ਆਉਂਦੀ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਡਰੇਨਾਂ ਅਤੇ ਰਜਬਾਹਿਆਂ ਦੀ ਸਫਾਈ ਵੱਲ ਧਿਆਨ ਦੇਵੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਹਰਪਾਲ ਜੁਨੇਜਾ, ਜਸਪਾਲ ਸਿੰਘ ਬਿੱਟੂ ਚੱਠਾ, ਕਬੀਰ ਦਾਸ, ਸ਼ੋ੍ਰਮਣੀ ਕਮੇਟੀ ਮੈਂਬਰ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਨਿਰਮਲ ਸਿੰਘ ਹਰਿਆਊ, ਹਰਦੀਪ ਸਿੰਘ ਖੋਖ, ਨਰਦੇਵ ਸਿੰਘ ਆਕੜੀ, ਸੁਰਜੀਤ ਸਿੰਘ ਅਬਲੋਵਾਲ, ਜਗਜੀਤ ਸਿੰਘ ਕੋਹਲੀ, ਤੇਜਿੰਦਰ ਸਿੰਘ ਸ਼ੇਖੂਪੁਰਾ, ਮਨਜੀਤ ਸਿੰਘ ਘੁੰਮਾਣਾ, ਗੁਰਜੰਟ ਸਿੰਘ ਮਹਿਦੂਦਾ, ਕੁਲਦੀਪ ਸਿੰਘ ਹਰਪਾਲ, ਤਰਸੇਮ ਸਿੰਘ ਕੋਟਲਾ, ਅਵਤਾਰ ਸਿੰਘ ਸ਼ੰਭੂ, ਸੰਦੀਪ ਸਿੰਘ ਰਾਜਾ ਤੂੜ, ਸਤਨਾਮ ਸਿੰਘ ਸੱਤਾ, ਕੈਪਟਨ ਖੁਸ਼ਵੰਤ ਸਿੰਘ, ਗੁਰਦੀਪ ਸਿੰਘ ਸ਼ੇਖੂਪੁਰਾ, ਕੁਲਵਿੰਦਰ ਸਿੰਘ ਰਿੰਕੂ, ਰਵਿੰਦਰਪਾਲ ਸਿੰਘ ਜੌਨੀ ਕੋਹਲੀ, ਸਿਮਰਨ ਗਰੇਵਾਲ, ਬੀਬੀ ਮਹਿੰਦਰ ਕੌਰ, ਹਰਫੂਲ ਸਿੰਘ ਬਸੌਰ, ਪ੍ਰਕਾਸ਼ ਸਿੰਘ ਬਾਦਸ਼ਾਹਪੁਰ, ਪਰਮਜੀਤ ਸਿੰਘ ਕਿੱਦ, ਕੁਲਬੀਰ ਸਿੰਘ ਨਨੇਹੜਾ, ਤੀਰਥ ਸਿੰਘ ਪ੍ਰੇਮ ਸਿੰਘ ਵਾਲਾ, ਲਵਲੀ ਬੱਲਮਗੜ੍ਹ, ਜਤਿੰਦਰ ਪਹਾੜੀਪੁਰ, ਲਾਡੀ ਪਹਾੜੀਪੁਰ, ਰਾਜ ਕੁਮਾਰ ਨੋਕਵਾਲ, ਜਸਬੀਰ ਸਿੰਘ ਬਘੌਰਾ, ਸ਼ੇਰ ਸਿੰਘ ਪੰਜੇਟਾ, ਬੱਗਾ ਮੁਰਾਦਪੁਰ, ਸੁਖਬੀਰ ਸਿੰਘ ਅਰਬਲੋਵਾਲ, ਰਾਜ ਕੁਮਾਰ ਸੈਣੀ, ਵਰਿੰਦਰ ਸਿੰਘ ਡਕਾਲਾ ਆਦਿ ਹਾਜ਼ਰ ਸਨ।

