ਲਾਕਡਾਊਨ ਵਰਗੀ ਸਥਿਤੀ ਤੋਂ ਬਚਣ ਲਈ ਹਰ ਨਾਗਰਿਕ ਦਾ ਟੀਕਾਕਰਨ ਜਰੂਰੀ-ਸਾਕਸ਼ੀ ਸਾਹਨੀ
ਡਿਪਟੀ ਕਮਿਸ਼ਨਰ ਵੱਲੋਂ ਕੋਡਿਵ ਵੈਕਸੀਨੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ, ਸਾਰੇ ਵਿਭਾਗਾਂ ਨੂੰ ਆਪਣੇ ਕਰਮਚਾਰੀਆਂ ਦਾ ਲਾਜਮੀ ਟੀਕਾਕਰਨ ਕਰਵਾਉਣ ਦੀ ਹਦਾਇਤ
ਸਿਹਤ ਵਿਭਾਗ, ਫਰੰਟਲਾਈਨ ਵਰਕਰਾਂ ਤੇ ਬੂਸਟਰ ਡੋਜ਼ ਲਈ ਯੋਗ ਲੋਕਾਂ ਦਾ ਸਮਾਂਬੱਧ ਟੀਕਾਕਰਨ ਕਰੇ
ਪਟਿਆਲਾ, 11 ਮਈ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧਣ ਦੇ ਖਦਸ਼ੇ ਦੇ ਮੱਦੇਨਜ਼ਰ ਲਾਕਡਾਊਨ ਵਰਗੀ ਕਿਸੇ ਵੀ ਸਥਿਤੀ ਤੋਂ ਬਚਣ ਲਈ ਇੱਕੋ-ਇੱਕ ਉਪਾਅ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਹੀ ਹੈ, ਇਸ ਲਈ ਹਰ ਯੋਗ ਨਾਗਰਿਕ ਦਾ ਟੀਕਾਕਰਨ ਕੀਤਾ ਜਾਣਾ ਜਰੂਰੀ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਫਰੰਟਲਾਈਨ ਵਰਕਰ, ਜਿਨ੍ਹਾਂ ‘ਚ ਲਾਜਮੀ ਵਸਤੂਆਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਲੱਗੇ ਵਿਅਕਤੀ ਵੀ ਸ਼ਾਮਲ ਹਨ, ਨੂੰ ਵੀ ਵੈਕਸੀਨ ਦੀ ਤੀਜੀ ਡੋਜ਼, ਬੂਸਟਰ ਟੀਕਾ ਵੀ ਲਾਜਮੀ ਲਗਾਇਆ ਜਾਵੇ। ਇਸ ਤੋਂ ਬਿਨ੍ਹਾਂ ਹਰ ਬਲਾਕ ‘ਚ ਵੈਕਸੀਨੇਸ਼ਨ ਕੈਂਪ ਲਗਾ ਕੇ ਕੋਵਿਡ ਵੈਕਸੀਨੇਸ਼ਨ ਤੋਂ ਵਾਂਝੇ ਨਾਗਰਿਕਾਂ ਦਾ ਲਾਜਮੀ ਟੀਕਾਕਰਨ ਕੀਤਾ ਜਾਵੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਸਕੂਲਾਂ ਦੇ 12 ਤੋਂ 14 ਸਾਲ ਅਤੇ 15 ਤੋਂ 17 ਸਾਲ ਦੇ ਵਿਦਿਆਰਥੀਆਂ ਨੂੰ ਵੀ ਕੋਵਿਡ ਤੋਂ ਬਚਾਅ ਦਾ ਲਾਜਮੀ ਟੀਕਾ ਲਗਵਾਉਣ ਲਈ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਤਾਲਮੇਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ ਮਾਮਲਿਆਂ ‘ਚ ਦੁਬਾਰਾ ਵਾਧਾ ਦਰਜ ਕੀਤੇ ਜਾਣ ਦੇ ਮੱਦੇਨਜ਼ਰ ਕੋਵਿਡ ਟੀਕਾਕਰਨ ‘ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਵਿਭਾਗਾਂ ਦੇ ਸਾਰੇ ਮੁਲਾਜਮਾਂ ਤੋਂ ਇਲਾਵਾ ਪਿੰਡਾਂ ‘ਚ ਪੰਚਾਂ, ਸਰਪੰਚਾਂ, ਸਮੂਹ ਮਗਨਰੇਗਾ ਵਰਕਰਾਂ, ਉਸਾਰੀ ਕਾਮਿਆਂ, ਫੈਕਟਰੀ ਵਰਕਰਾਂ, ਰੇਹੜੀ-ਫੜੀ ਵਾਲੇ, ਕਰਿਆਨਾ ਤੇ ਹੋਰ ਦੁਕਾਨਦਾਰਾਂ ਤੇ ਉਨ੍ਹਾਂ ਦੇ ਮੁਲਾਜਮਾਂ, ਸਫ਼ਾਈ ਸੇਵਕਾਂ, ਟਰੱਕ, ਬੱਸ, ਆਟੋ ਤੇ ਕੈਬ ਯੂਨੀਅਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਸਮੇਤ ਬੂਸਟਰ ਡੋਜ਼ ਜਰੂਰ ਲਗਵਾਈ ਜਾਵੇ। ਮੀਟਿੰਗ ਦੌਰਾਨ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਏ.ਡੀ.ਸੀ. (ਵਿਕਾਸ) ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਿਵਲ ਸਰਜਨ ਡਾ. ਰਾਜੂ ਧੀਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਸਨ।

