ਪੰਜਾਬ

ਚਿੱਟੀ ਵੇਈਂ ’ਚ 250 ਕਿਊਸਿਕ ਪਾਣੀ ਛੱਡਣ ਬਾਰੇ ਮੁੱਖ ਮੰਤਰੀ ਨਾਲ ਹੋਈ ਚਰਚਾ

400 ਫੁੱਟ ਡੂੰਘੇ ਬੋਰ ਹੋਣ ਨਾਲ ਸੰਕਟ ਹੋਰ ਵੀ ਵਧਿਆ

ਪਿੰਡ ਸਿੰਬਲੀ ਕੋਲੋਂ ਚਿੱਟੀ ਵੇਈਂ ’ਚ ਛੱਡਿਆ ਜਾ ਸਕਦਾ ਹੈ ਪਾਣੀ

ਸੁਲਤਾਨਪੁਰ ਲੋਧੀ, 17 ਮਈ (ਮਧੂਸਾਰ ਬਿਊਰੋ) ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੀਟਿੰਗ ਦੌਰਾਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚਿੱਟੀ ਵੇਈਂ ਵਿਚ 250 ਕਿਊਸਿਕ ਪਾਣੀ ਛੱਡਣ ’ਤੇ ਜ਼ੋਰ ਦਿੱਤਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਇਕ ਉਚੇਚੀ ਮੀਟਿੰਗ ਮੁੱਖ ਮੰਤਰੀ ਦਫਤਰ ਵਿਚ ਹੋਈ। ਇਹ ਨਿਗਰਾਨ ਕਮੇਟੀ ਸੇਵਾ ਮੁਕਤ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਵਿਚ ਬਣੀ ਹੋਈ ਹੈ। ਮੀਟਿੰਗ ਵਿਚ ਜ਼ਿਲ੍ਹਾਵਾਰ ਵਾਤਾਵਰਨ ਨੂੰ ਸੁਧਾਰਨ ਲਈ ਬਣਾਈਆਂ ਗਈਆਂ ਯੋਜਨਾਵਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਬਾਰੇ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਿਸਤ-ਦੋਆਬ ਨਹਿਰ ਵਿਚ 1452 ਕਿਊਸਿਕ ਪਾਣੀ ਵਗਣ ਦੀ ਸਮਰੱਥਾ ਹੈ ਤੇ ਇਸ ਨਹਿਰ ਦਾ ਨੈੱਟਵਰਕ ਸਮੁੱਚੇ ਦੋਆਬੇ ਦੇ ਚਾਰ ਜ਼ਿਲ੍ਹਿਆਂ ਵਿਚ ਫੈਲਿਆ ਹੋਇਆ ਹੈ। ਪਰ ਇਸ ਨਹਿਰ ਵਿਚ ਕਦੇ ਵੀ ਸਮਰੱਥਾ ਅਨੁਸਾਰ ਪਾਣੀ ਨਹੀਂ ਵਗਿਆ, ਜਿਸ ਕਾਰਨ ਦੋਆਬੇ ਦੇ ਚਾਰ ਜ਼ਿਲ੍ਹਿਆਂ ’ਚ ਧਰਤੀ ਹੇਠਲਾ ਪਾਣੀ 400 ਫੁੱਟ ਤੱਕ ਡੂੰਘਾ ਚਲਾ ਗਿਆ ਹੈ।

ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 300 ਕਰੋਡ਼ ਰੁਪਏ ਖਰਚ ਕਰਕੇ ਬਿਸਤ ਦੋਆਬ ਨਹਿਰ ਦੀ ਮੁਰੰਮਤ ਕਰਵਾਈ ਹੈ। ਏਨੇ ਪੈਸੇ ਖਰਚਣ ਦਾ ਤਦ ਹੀ ਲੋਕਾਂ ਨੂੰ ਫਾਇਦਾ ਹੋਵੇਗਾ ਜਦੋਂ ਇਸ ਨਹਿਰ ਵਿਚ ਘੱਟੋ ਘੱਟ ਹਜ਼ਾਰ ਕਿਊਸਿਕ ਪਾਣੀ ਵਗੇ। ਮੀਟਿੰਗ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਂਦਾ ਕਿ ਸਿੰਬਲੀ ਪਿੰਡ ਵਿਚ ਬਿਸਤ-ਦੋਆਬ ਨਹਿਰ ਦੇ ਹੇਠੋਂ ਦੀ ਚਿੱਟੀ ਵੇਈਂ ਲੰਘਦੀ ਹੈ, ਜਿਥੇ ਰੈਗੂਲੇਟਰ ਬਣਾ ਕੇ ਪਾਣੀ ਛੱਡਿਆ ਜਾ ਸਕਦਾ ਹੈ। ਇਸ ਨਾਲ ਦੋਆਬੇ ’ਚ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ ਤੇ ਚਿੱਟੀ ਵੇਈਂ ਵਿਚਲਾ ਪ੍ਰਦੂਸ਼ਣ ਵੀ ਖਤਮ ਹੋਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ 165 ਕਿਲੋਮੀਟਰ ਲੰਬੀ ਕਾਲੀ ਵੇਈਂ ਵਿਚ ਲਗਾਤਾਰ ਪਾਣੀ ਵਗਣ ਨਾਲ ਕਪੂਰਥਲਾ ਜ਼ਿਲ੍ਹੇ ਵਿਚ ਪਾਣੀ ਦਾ ਪੱਧਰ ਢਾਈ ਮੀਟਰ ਤੱਕ ਉੱਚਾ ਹੋਇਆ ਹੈ। ਜਦਕਿ ਸਾਰੇ ਪੰਜਾਬ ਵਿਚ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਇਹੋ ਤਜ਼ਰਬਾ ਚਿੱਟੀ ਵੇਈਂ ਵਿਚ ਕਰਨ ਨਾਲ ਵੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਿਆ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਵਾਇਆ ਕਿ ਚਿੱਟੀ ਵੇਈਂ ਵਿਚ ਬਿਸਤ ਦੋਆਬ ਨਹਿਰ ਦਾ ਪਾਣੀ ਛੱਡਣ ਲਈ ਸਾਲ 2012 ਵਿਚ ਵੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਹੋਇਆ ਸੀ ਪਰ ਇਹ ਪ੍ਰੋਜੈਕਟ ਸਿਰੇ ਨਹੀਂ ਚਡ਼੍ਹ ਸਕਿਆ ਸੀ।

ਪੰਜਾਬ ਦੇ ਦਰਿਆਵਾਂ ਵਿਚਲਾ ਪ੍ਰਦੂਸ਼ਣ ਖਤਮ ਕਰਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਭਾਖਡ਼ਾ ਡੈਮ ਤੋਂ ਸਰਹੰਦ ਨਹਿਰ ਵੀ ਨਿਕਲਦੀ ਹੈ ਤੇ ਸਤਲੁਜ ਦਰਿਆ ਵੀ। ਦੋਵਾਂ ਦਾ ਪਾਣੀ ਨੀਲੇ ਰੰਗ ਦਾ ਸਾਫ ਹੈ। ਪਰ ਸਤਲੁਜ ਦਰਿਆ ਦਾ ਪਾਣੀ ਲੁਧਿਆਣੇ ਆ ਕੇ ਕਾਲੇ ਰੰਗ ਦਾ ਹੋ ਜਾਂਦਾ ਹੈ। ਉਨ੍ਹਾਂ ਨੇ ਇਸ ਪਾਣੀ ਨਾਲ ਮਾਲਵੇ ਦੇ ਪਿੰਡਾਂ ’ਚ ਫੈਲੇ ਕੈਂਸਰ ਦਾ ਵੀ ਜ਼ਿਕਰ ਕੀਤਾ। ਭਗਵੰਤ ਸਿੰਘ ਮਾਨ ਨੇ ਸੰਤ ਸੀਚੇਵਾਲ ਵੱਲੋਂ ਵਾਤਾਵਰਨ ਨੂੰ ਸੁਧਾਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚਿੱਟੀ ਵੇਈਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਤੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਉਚੇਚੇ ਯਤਨ ਕੀਤੇ ਜਾਣਗੇ। ਇਸ ਮੌਕੇ ਸੰਤ ਸੀਚੇਵਾਲ ਅਤੇ ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਜਸਵੀਰ ਸਿੰਘ ਨੇ ਮੁੱਖ ਮੰਤਰੀ ਸ੍ਰੀ ਮਾਨ ਨੂੰ ਬੂਟਾ ਵੀ ਭੇਂਟ ਕੀਤਾ।

Leave a Reply

Your email address will not be published. Required fields are marked *