ਪਟਿਆਲਾ

ਸਪੈਲਿੰਗ ਮੁਕਾਬਲੇ ‘ਚ ਸਿਮਰਨ ਬਣੀ ਏਸ਼ੀਅਨ ਚੈਂਪਿਅਨ

ਸਕਾਲਰ ਫੀਲਡਜ਼ ਦੀ ਵਿਦਿਆਰਥਣ ਨੇ ਕੀਤਾ ਭਾਰਤ ਦਾ ਨਾਮ ਰੌਸ਼ਨ

ਪਟਿਆਲਾ 23 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੀ ਸਿਮਰਨਦੀਪ ਕੌਰ ਨੇ ਅੰਤਰਰਾਸ਼ਟਰੀ ਪੱਧਰ ਦੇ ਅੰਗਰੇਜ਼ੀ ਸਪੈਲਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਕਾਲਰ ਫੀਲਡ ਪਬਲਿਕ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ ਮੁਕਾਬਲੇ ਦੌਰਾਨ ਏਸ਼ੀਆ ਦੇ ਇੱਕ ਹਜ਼ਾਰ ਸਕੂਲਾਂ ਦੇ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ , IAS ਵਲੋਂ ਸਿਮਰਨ ਦੀ ਇਸ ਪ੍ਰਾਪਤੀ ਤੇ ਉਸਨੂੰ ਸਨਮਾਨਿਤ ਕੀਤਾ ਗਿਆ। ਮਾਰਸ ਇੰਟਲੈਕਚੁਅਲ ਸਰਵਿਸਿਜ਼ ਲਿਮਿਟੇਡ ਵੱਲੋਂ ਇੰਗਲਿਸ਼ ਐਂਡ ਫ਼ਾਰਨ ਲੈਂਗੂਏਜ਼ਿਜ ਯੂਨੀਵਰਸਿਟੀ ਹੈਦਰਾਬਾਦ ਦੇ ਸਹਿਯੋਗ ਨਾਲ ਇਹ ਮੁਕਾਬਲਾ ਕਰਵਾਇਆ ਜਾਂਦਾ ਹੈ। MaRRS ਇੰਟਰਨੈਸ਼ਨਲ ਸਪੈਲਿੰਗ ਬੀ ਕੰਪੀਟੀਸ਼ਨ ਨਾਮ ਨਾਲ ਆਯੋਜਿਤ ਇਹ ਮੁਕਾਬਲਾ ਸਕੂਲੀ ਬੱਚਿਆਂ ਲਈ ਏਸ਼ੀਆ ਦਾ ਪਹਿਲਾ ਸਭ ਤੋਂ ਵੱਡਾ ਅੰਗਰੇਜ਼ੀ ਭਾਸ਼ਾ ਦਾ ਮੁਕਾਬਲਾ ਹੈ, ਜੋ ਕਿ 2003 ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਮੁਕਾਬਲੇ ਦੇ ਵੱਖ-ਵੱਖ ਪੱਧਰਾਂ ਤੇ ਬੱਚਿਆਂ ਦੇ ਸਪੈਲਿੰਗ, ਉਚਾਰਣ ਅਤੇ ਸ਼ਬਦਾਵਲੀ ਦੇ ਹੁਨਰ ਦਾ ਮੁਲਾਂਕਣ ਕੀਤਾ ਜਾਂਦਾ ਹੈ। ਮੁਕਾਬਲੇ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਸ਼ਬਦਾਵਲੀ ਅਤੇ ਸਾਹਿਤਿਕ ਸੁਹਜ ਨੂੰ ਵਿਕਸਿਤ ਕਰਨਾ ਹੈ।

ਸਕੂਲ ਪ੍ਰਿੰਸੀਪਲ ਰਾਏ ਨੇ ਦੱਸਿਆ ਕਿ ਸਿਮਰਨਦੀਪ ਨੇ ਸੱਤਵੀਂ ਕਲਾਸ ‘ਚ ਪੜ੍ਹਦੇ ਹੋਏ 14 ਜਨਵਰੀ 2020 ਵਿੱਚ ਇਹ ਮੁਕਾਬਲਾ ਜਿੱਤ ਕੇ ਇੰਟਰ ਸਕੂਲ ਪੱਧਰ ਲਈ ਕੁਆਲੀਫਾਈ ਕੀਤਾ ਸੀ। ਇਸ ਤੋਂ ਬਾਦ ਬਿਨਾ ਰੁਕੇ ਉਹ ਹਰ ਸਾਲ ਇਸ ਮੁਕਾਬਲੇ ਵਿੱਚ ਫਤਿਹ ਹਾਸਿਲ ਕਰਦੀ ਰਹੀ। 13 ਫਰਵਰੀ 2021 ਨੂੰ ਅੱਠਵੀਂ ਜਮਾਤ ਵਿੱਚ ਉਸਨੇ ਇੰਟਰ – ਸਕੂਲ ਮੁਕਾਬਲਾ ਫ਼ਤਿਹ ਕੀਤਾ ਅਤੇ ਸਟੇਟ ਪੱਧਰ ਲਈ ਕੁਆਲੀਫਾਈ ਕੀਤਾ। ਇਸ ਤਰਾਂ ਪੜਾਅ ਦਰ ਪੜਾਅ ਜਿੱਤ ਹਾਸਲ ਕਰਦੇ ਹੋਏ 26 ਮਾਰਚ 2022 ਨੂੰ ਸਿਮਰਨ ਨੇ ਇੰਟਰਨੈਸ਼ਨਲ ਮੁਕਾਬਲੇ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬੀਆਂ ਦੀ ਬੌਧਿਕ ਤਾਕਤ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਕਿਹਾ ਕਿ ਸਿਮਰਨਦੀਪ ਕੌਰ ਨੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਨਾਲ ਨਾਲ ਪਟਿਆਲਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਸਟੇਟ ਕੋਆਰਡੀਨੇਟਰ ਸ੍ਰੀਮਤੀ ਸਿੱਮੀ ਠੱਕਰ ਵਲੋਂ ਵੀ ਸਿਮਰਨ ਦੀ ਇਸ ਪ੍ਰਾਪਤੀ ਤੇ ਉਸਨੂੰ ਵਧਾਈ ਦਿੱਤੀ ਗਈ |

Leave a Reply

Your email address will not be published. Required fields are marked *