ਪੰਚਮੀ ਦੇ ਦਿਹਾੜੇ ਮੌਕੇ ਗੁਰੂ ਘਰ ਪੁੱਜੀ ਸੰਗਤ ਨਤਮਸਤਕ, ਪਵਿੱਤਰ ਸਰੋਵਰ ’ਚ ਕੀਤਾ ਇਸ਼ਨਾਨ
ਦੀਵਾਨ ਹਾਲ ’ਚ ਢਾਡੀ-ਕਵੀਸ਼ਰੀ ਜੱਥਿਆਂ ਨੇ ਸੁਣਾਇਆ ਗੁਰੂ ਇਤਿਹਾਸ

ਪਟਿਆਲਾ 4 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤ ਗੁਰੂ ਘਰ ਨਤਮਸਤਕ ਹੋਈ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਤੜਕਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਜ਼ੂਰੀ ਕੀਰਤਨੀ ਜਥਿਆਂ ਨੇ ਗੁਰਬਾਣੀ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪੁੱਜੇ ਢਾਡੀ-ਕਵੀਸ਼ਰੀ ਜਥਿਆਂ ’ਚ ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਹਰਪ੍ਰੀਤ ਸਿੰਘ ਮਸਤਾਨਾ, ਬੀਬੀ ਜਸਵੀਰ ਕੌਰ, ਭਾਈ ਅਮਰੀਕ ਸਿੰਘ ਜਨੇਤਪੁਰ, ਭਾਈ ਰਣਜੀਤ ਸਿੰਘ ਅੰਬਾਲਾ, ਭਾਈ ਜਸ੍ਰੀਤ ਕੌਰ ਗਲਵੱਟੀ ਤੋਂ ਇਲਾਵਾ ਭਾਈ ਕੁਲਵੰਤ ਸਿੰਘ ਬਰਾਸ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਇਸ ਦੌਰਾਨ ਸੰਗਤਾਂ ਨੇ ਪੰਗਤ ਅਤੇ ਸੰਗਤ ਕਰਦਿਆਂ ਗੁਰੂ ਦਰਬਾਰ ਵਿਚ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਇਸ ਦੌਰਾਨ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸ ਦੀ ਰੌਸ਼ਨੀ ’ਚ ਜਾਣੂੰ ਕਰਵਾਇਆ ਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਗੁਰਬਾਣੀ ਦੇ ਫਲਸਫੇ ਰਾਹੀਂ ਅਣਖ ਅਤੇ ਗੈਰਤ ਨਾਲ ਜੀਵਨ ਜਿਉਣ ਦੀ ਜਾਂਚ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਅੰਦਰ ਜ਼ਬਰ ਅਤੇ ਜ਼ੁਲਮ ਦੇ ਖਿਲਾਫ਼ ਲੜਨ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਅਤੇ ਅਜੌਕੇ ਦੌਰ ਵਿਚ ਦਰਪੇਸ਼ ਮੁਸ਼ਕਲਾਂ ਦਾ ਮੁਕਾਬਲਾ ਕਰਨ ਲਈ ਗੁਰਬਾਣੀ ਦਾ ਸਿਧਾਂਤ ਹੀ ਮਾਰਗ ਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜੌਕੀ ਪੀੜੀ ਅੱਗੇ ਵੱਡੀਆਂ ਚੁਣੌਤੀਆਂ ਹਨ ਅਤੇ ਅੱਜ ਮਾਪਿਆਂ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਸੁਚੇਤ ਰਹਿ ਕੇ ਫਰਜ਼ਾਂ ਦੀ ਪਹਿਰੇਦਾਰੀ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਨੱਥਾ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਜੋਗਿੰਦਰ ਸਿੰਘ ਪੰਛੀ, ਗੁਰਦੀਪ ਸਿੰਘ ਸ਼ੇਖੂਪੁਰ ਤੋਂ ਇਲਾਵਾ ਪ੍ਰਬੰਧਕੀ ਸਟਾਫ ਆਦਿ ਹਾਜ਼ਰ ਸਨ।

