ਦੇਸ਼-ਵਿਦੇਸ਼ਪੰਜਾਬਪਟਿਆਲਾ

ਤਿੰਨ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਵਲੋਂ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਤੇ ‘ਪਦਮਸ਼੍ਰੀ’ ਐਵਾਰਡੀ ਸ. ਜਗਜੀਤ ਸਿੰਘ ਦਰਦੀ ਨੂੰ ‘ਪੰਥ ਭੂਸ਼ਣ’ ਦੀ ਪਦਵੀ ਪ੍ਰਦਾਨ

ਨਵੀਂ ਦਿੱਲੀ , 9 ਜੂਨ (ਮਧੂਸਾਰ ਬਿਊਰੋ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵੀ ਜਥੇਦਾਰ ਹਨ ਤੇ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ ਪ੍ਰਸਿੱਧ ਪੱਤਰਕਾਰ, ਵਿਦਿਆਦਾਨੀ, ਪੰਥ ਸੇਵਕ, ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਤੇ ‘ਪਦਮਸ਼੍ਰੀ’ ਐਵਾਰਡੀ ਭਾਈ ਸਾਹਿਬ ਸ. ਜਗਜੀਤ ਸਿੰਘ ਦਰਦੀ ਨੂੰ ‘ਪੰਥ ਭੂਸ਼ਣ’ ਦੀ ਪਦਵੀ ਪ੍ਰਦਾਨ ਕੀਤੀ ਹੈ। ਇਥੇ ਕਾਂਸਟੀਚਿਊਸ਼ਨ ਕਲੱਬ ਆੱਫ ਇੰਡਿਆ ਦੇ ਸਪੀਕਰ ਹਾਲ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈ.ਐੱਨ.ਐੱਸ.) ਦੇ ਪ੍ਰਧਾਨ ਸ੍ਰੀ ਮੋਹਿਤ ਜੈਨ ਨੇ ਸ.ਦਰਦੀ ਦੀ ਅਗਵਾਈ ਹੇਠ ਚੜ੍ਹਦੀਕਲਾ ਮੀਡੀਆ ਗਰੁੱਪ ਦੁਆਰਾ ਫਿਰਕੂ ਸਦਭਾਵਨਾ ਕੌਮੀ ਏਕਤਾ ਖਾਸ ਕਰਕੇ ਸਿੱਖਿਆ, ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਭਾਰਤੀ ਵਿਰਾਸਤ ਲਈ ਜੋ ਸ਼ਾਨਦਾਰ ਤੇ ਵਿਲਖਣ ਭੂਮਿਕਾ ਨਿਭਾਈ ਗਈ ਹੈ, ਉਸਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸ.ਦਰਦੀ 1988 ਤੋਂ ਆਈ.ਐੱਨ.ਐੱਸ. ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਹਨ ਤੇ ਉਨ੍ਹਾਂ ਵਲੋਂ ਅਖ਼ਬਾਰ ਉਦਯੋਗ ਦੀ ਭਲਾਈ ਲਈ ਪ੍ਰਸ਼ੰਸਾਯੋਗ ਕੰਮ ਕੀਤਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਸ. ਦਰਦੀ ਵੱਲੋਂ ਪਿਛਲੇ 60 ਸਾਲਾਂ ਤੋਂ ਸਿੱਖਾਂ ਤੇ ਪੰਜਾਬ ਦੀ ਭਲਾਈ ਅਤੇ ਪੰਜਾਬੀ ਭਾਸ਼ਾ ਦੇ ਵਿਸ਼ਵ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਲਈ ਨਿਭਾਈਆਂ ਗਈਆਂ ਸੇਵਾਵਾਂ ਨੂੰ ਉਜਾਗਰ ਕੀਤਾ। ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਸ. ਦਰਦੀ ਨੇ ਮਹਿਜ਼ 12 ਸਾਲ ਦੀ ਉਮਰ ਤੋਂ ਹੀ ਪੰਜਾਬ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਪੰਜਾਬ ਸੂਬੇ ਦੀ ਬਣਤਰ ਲਈ ਵੀ ਉਨ੍ਹਾਂ ਕਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ ਤੇ ਅੱਜ ਆਪਣੇ ਰੋਜ਼ਾਨਾ ਅਖ਼ਬਾਰ ਤੇ ਟੀ.ਵੀ. ਚੈਨਲ ਦੇ ਜ਼ਰੀਏ ਸਿੱਖ ਜਗਤ ਤੇ ਭਾਰਤੀ ਭਾਈਚਾਰੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਸ.ਦਰਦੀ ਨੂੰ ‘ਪਦਮਸ਼੍ਰੀ’ ਐਵਾਰਡ ਨਾਲ ਸਨਮਾਨਤ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਸਿੱਖੀ ਦੇ ਪ੍ਰਸਾਰ ਤੇ ‘ਚੜ੍ਹਦੀਕਲਾ ਟਾਈਮ ਟੀ.ਵੀ. ਵੱਲੋਂ ਗੁ.ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਪਿਛਲੇ 15 ਸਾਲਾਂ ਤੋਂ ਬਿਨਾਂ ਕੋਈ ਪੈਸਾ ਲਏ ਹਰ ਰੋਜ਼ 8 ਘੰਟੇ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸਚਖੰਡ ਸ੍ਰੀ ਹੇਮਕੁੰਟ ਸਾਹਿਬ ਤੋਂ ਵੀ ਹਰ ਰੋਜ਼ ਸ਼ਬਦ-ਕੀਰਤਨ ਤੇ ਕਥਾ ਦਾ ਸਿੱਧਾ ਪ੍ਰਸਾਰਣ ਜਾਰੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੋਵਾਂ ਦੇ ਜਥੇਦਾਰ ਸਾਹਿਬਾਨਾਂ ਨੇ ਪਿਛਲੇ 62 ਸਾਲਾਂ ਤੋਂ ‘ਪਦਮਸ਼੍ਰੀ’ ਨਾਲ ਸਨਮਾਨਤ, ‘ਪੰਥ ਭੂਸ਼ਣ’ ਭਾਈ ਸਾਹਿਬ ਸ. ਜਗਜੀਤ ਸਿੰਘ ਦਰਦੀ ਦੁਆਰਾ ਵਿਸ਼ਵ ਭਲਾਈ ਲਈ ਨਿਰੰਤਰ ਕਾਰਜ ਕਰਨ ਅਤੇ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਰਾਹੀਂ ਵਿਸ਼ਵ ਭਰ ’ਚ ਗੁਰਬਾਣੀ ਦੇ ਪ੍ਰਚਾਰ ਤੇ ਫੈਲਾਅ ਦੀ ਭਰਪੂਰ ਸ਼ਲਾਘਾ ਕੀਤੀ। ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸ.ਦਰਦੀ ਅਜਿਹੇ ਵਿਲੱੱਖਣ ਪੱਤਰਕਾਰ ਹਨ ਜਿਨ੍ਹਾਂ ਨੇ ਜ਼ਿੰਦਗੀ ਭਰ ਗੁਰਬਾਣੀ, ਸਿੱਖ ਇਤਿਹਾਸ, ਸੱਭਿਆਚਾਰ ਤੇ ਸ਼ਾਨਾਮੱਤੀ ਵਿਰਾਸਤ ਦਾ ਸਫ਼ਲਤਾਪੂਰਵਕ ਪ੍ਰਚਾਰ ਕੀਤਾ ਜਿਸ ਲਈ ਉਹ ਸਰਵਉੱਚ ਨਾਗਰਿਕ ਸਨਮਾਨ ‘ਪਦਮਸ਼੍ਰੀ’ ਦੇ ਹੱਕਦਾਰ ਬਣੇ। ਇਸ ਮੌਕੇ ਰਾਜਧਾਨੀ ਦੀਆਂ ਲਗਭਗ 50 ਵੱਖ-ਵੱਖ ਸੰਸਥਾਵਾਂ ਨੇ ਸ.ਦਰਦੀ ਨੂੰ ਗੁਲਦਸਤਿਆਂ, ਸ਼ਾਲਾਂ ਤੇ ਸ਼ਾਨਦਾਰ ਮਮੈਂਟੋਜ਼ ਨਾਲ ਸਨਮਾਨਤ ਕੀਤਾ। ਇਸ ਮੌਕੇ ਸਰਦਾਰਨੀ ਜਸਵਿੰਦਰ ਕੌਰ ਦਰਦੀ, ਚੜ੍ਹਦੀਕਲਾ ਗਰੁੱਪ ਦੇ ਡਾਇਰੈਕਟਰ, ਸ. ਹਰਪ੍ਰੀਤ ਸਿੰਘ ਦਰਦੀ ਤੇ ਸੀ.ਈ.ਓ. ਡਾ. ਇੰਦਰਪ੍ਰੀਤ ਕੌਰ ਦਰਦੀ ਤੋਂ ਇਲਾਵਾ ਸ. ਜੇ.ਪੀ. ਸਿੰਘ, ਸ. ਅੰਮ੍ਰਿਤਪਾਲ ਸਿੰਘ (ਦੋਵੇਂ ਡਾਇਰੈਕਟਰ), ਸ. ਅਮਰਜੀਤ ਸਿੰਘ, ਐੱਮ ਡੀ. ਸਾਹਿਲ ਫ਼ੈਸਨ ਬਜ਼ਾਰ ਸ. ਤਰਲੋਚਨ ਸਿੰਘ ਸਾਬਕਾ ਐੱਮ.ਪੀ., ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਤੇ ਮੌਜੂਦਾ ਮੈਂਬਰ ਘੱਟ ਗਿਣਤੀ ਸਿੱਖਿਆ ਕਮਿਸ਼ਨ ਪ੍ਰੋਫੈਸਰ ਆੱਫ ਜਰਨਲਿਜ਼ਮ ਡਾ. ਹਰਜਿੰਦਰਪਾਲ ਸਿੰਘ ਵਾਲੀਆ, ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਨੈਸ਼ਨਲ ਇੰਟੈਗ੍ਰੇਟਡ ਫੋਰਮ ਆੱਫ ਆਰਟਿਸਟਸ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਪਨੂੰ, ਆੱਲ ਇੰਡੀਆ ਸਿੱਖ ਫੋਰਮ ਦੇ ਪ੍ਰਧਾਨ ਪ੍ਰੋ. ਹਰਮੀਤ ਸਿੰਘ, ਯੰਗ ਪ੍ਰੋਗ੍ਰੈਸਿਵ ਸਿੱਖ ਫੋਰਮ ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ, ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸ. ਮਨਦੀਪ ਸਿੰਘ ਚੱਢਾ ਅਤੇ ਪੰਜਾਬੀ ਪ੍ਰੋਮੋਸ਼ਨ ਕੌਂਸਲ ਦੇ ਪ੍ਰਧਾਨ ਸ. ਜਸਵੰਤ ਸਿੰਘ ਬੌਬੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *