ਸਰਕਾਰ ਲਈ ਸੰਕਟ : ਐਕਸਾਈਜ਼ ਪਾਲਸੀ ਛੋਟੇ ਠੇਕੇਦਾਰ ਅਤੇ ਪੰਜਾਬ ਵਿਰੋਧੀ, ਪੰਜਾਬ ਦੇ ਠੇਕੇਦਾਰਾਂ ਨੇ ਕੀਤਾ ਟੈਂਡਰਾਂ ਦੇ ਬਾਈਕਾਟ ਦਾ ਐਲਾਨ
ਗਰੁੱਪ 30 ਕਰੋੜ ਤੋਂ ਘਟਾਏ ਜਾਣ
ਅੰਗਰੇਜੀ ਅਤੇ ਬੀਅਰ ਦਾ ਕੋਟਾ ਫਿਕਸ ਹੋਵੇ

ਪਟਿਆਲਾ, 13 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਨਵੀਂ ਐਕਸਾਈਜ਼ ਪਾਲਸੀ ਸਥਾਨਕ ਛੋਟੇ ਠੇਕੇਦਾਰਾਂ ਅਤੇ ਪੰਜਾਬ ਵਿਰੋਧੀ ਹੈ। ਇਸ ਤਰ੍ਹਾਂ ਦਾ ਮਾਡਲ ਪਹਿਲਾਂ ਦਿੱਲੀ ਵਿਚ ਫੇਲ ਹੋ ਚੁੱਕਾ ਹੈ। ਜੇਕਰ ਇਹ ਪਾਲਸੀ ਲਾਗੂ ਕਰਕੇ ਠੇਕੇ ਵੰਡੇ ਗਏ ਤਾਂ ਪੰਜਾਬ ਵਿਚ ਵੀ ਇਹ ਬੁਰੀ ਤਰ੍ਹਾਂ ਫੇਲ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਲੋਕ ਇਕ ਇਕ ਦੋ ਦੋ ਠੇਕੇ ਲੈ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ ਅਤੇ ਉਨ੍ਹਾਂ ਹਜ਼ਾਰਾਂ ਸਥਾਨਕ ਪੰਜਾਬੀ ਕੰਮਕਾਰ ਕਰਦੇ ਹਨ। ਇਹ ਪਾਲਸੀ ਸਥਾਨਕ ਠੇਕੇਦਾਰਾਂ ਨੂੰ ਬੇਰੁਜ਼ਗਾਰ ਕਰ ਦਵੇਗ, ਜਿਸ ਕਾਰਨ ਹੀ ਐਕਸਾਈਜ਼ ਵਿਭਾਗ ਦੇ ਸ਼ਰਾਬ ਦੇ ਠੇਕੇ ਲੈਣ ਦੇ ਟੈਂਡਰਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਟੈਂਡਰ ਭਰਨ ਦਾ ਪਹਿਲਾ ਦਿਨ ਸੀ ਪਰ ਠੇਕੇਦਾਰਾਂ ਦੀ ਨਵੀਂ ਬਣਾਈ ਸੰਸਥਾ ਯੂਨਿਟੀ ਆਫ ਵਾਈਨ ਕੰਟਰੈਕਟਰਜ਼ ਪੰਜਾਬ ਨੇ ਪਟਿਆਲਾ ਵਿਚ ਸੂਬਾ ਪੱਧਰੀ ਮੀਟਿੰਗ ਕਰਕੇ ਟੈਂਡਰ ਨਾ ਭਰਨ ਦਾ ਐਲਾਨ ਕਰਨ ਦੇ ਨਾਲ ਹੀ ਸਮੁੱਚੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਐਕਸਾਈਜ਼ ਪਾਲਸੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮੀਟਿੰਗ ਦੌਰਾਨ ਸਮੁੱਚੇ ਠੇਕੇਦਾਰਾਂ ਨੇ ਹੱਥ ਖੜ੍ਹੇ ਕਰਕੇ ਸਰਕਾਰ ਦੀ ਨਵੀਂ ਪਾਲਸੀ ਨੂੰ ਠੇਕੇਦਾਰ ਮਾਰੂ ਕਰਾਰ ਦਿੰਦਿਆਂ ਇਸ ਵਾਰ ਠੇਕੇ ਨਾ ਲੈਣ ਦਾ ਐਲਾਨ ਕੀਤਾ।
ਸੂਬਾ ਪ੍ਰਧਾਨ ਠੇਕੇਦਾਰ ਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਐਕਸਾਈਜ਼ ਦੀ ਨਵੀਂ ਪਾਲਸੀ ਨੇ ਠੇਕੇਦਾਰਾਂ ਤੇ ਐਕਸਾਈਜ਼ ਵਿਭਾਗ ਵਿਚ ਦੂਰੀ ਵਧਾ ਦਿੱਤੀ ਹੈ। ਇਸ ਨਵੀਂ ਪਾਲਸੀ ਨਾਲ ਹਜ਼ਾਰਾਂ ਠੇਕੇਦਾਰ ਤੇ ਉਨ੍ਹਾਂ ਦੇ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਦੀ ਆਪ ਸਰਕਾਰ ਸਿਰਫ ਆਪਣਾ ਰੈਵੀਨਿਊ ਵਧਾ ਕੇ ਸ਼ਰਾਬ ਸਸਤੀ ਕਰ ਰਹੀ ਹੈ ਪਰ ਠੇਕੇਦਾਰਾਂ ਦੇ ਰੁਜ਼ਗਾਰ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਪਾਲਸੀ ਠੇਕੇਦਾਰ ਮਾਰੂ ਪਾਲਸੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਸ਼ਰਾਬ ਠੇਕਿਆਂ ਦੇ ਗਰੁੱਪ 30 ਕਰੋੜ ਤੋਂ ਘਟਾ ਕੇ 8 ਤੋਂ 10 ਕਰੋੜ ਕੀਤਾ ਜਾਵੇ, ਜਿਸ ਨਾਲ ਕੋਈ ਛੋਟਾ ਵਪਾਰੀ ਕਾਰੋਬਾਰ ਵਿਚ ਸ਼ਾਮਲ ਹੋ ਸਕੇ। 17 ਫੀਸਦੀ ਸਕਿਓਰਟੀ ਦੀ ਰਾਸ਼ੀ ਪਿਛਲੇ ਸਾਲ ਦੀ ਤਰਜ ’ਤੇ 17 ਫੀਸਦੀ ਤੋਂ ਘਟਾ ਕੇ 10 ਫੀਸਦੀ ਕੀਤੀ ਜਾਵੇ ਅਤੇ ਸਕਿਓਰਟੀ ਲਾਇਸੈਂਸ, ਫੀਸ ਦਾ ਹੀ ਹਿੱਸਾ ਹੋਵੇ। ਠੇਕੇਦਾਰ ਪਿੰਦਰ ਬਰਾੜ ਨੇ ਕਿਹਾ ਕਿ ਦੇਸੀ ਸ਼ਰਾਬ ਦੀ ਤਰਜ ’ਤੇ ਅੰਗਰੇਜੀ ਅਤੇ ਬੀਅਰ ਦਾ ਕੋਟਾ ਫਿਕਸ ਕੀਤਾ ਜਾਵੇ। ਈ ਟੈਂਡਰ ਦੀ ਜਗ੍ਹਾ ’ਤੇ ਲਾਟਰੀ ਸਿਸਟਮ ਹੀ ਰੱਖਿਆ ਜਾਵੇ, ਪਿਛਲੇ ਸਾਲ ਦੀ ਤਰ੍ਹਾਂ ਹੀ ਐਲ-1 ਦੀ ਫੀਸ 25 ਲੱਖ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਲਾਇਸੈਂਸ ਫੀਸ ਮਹੀਨੇ ਦੀ ਆਖਰੀ ਤਰੀਕ ਤੱਕ ਲਈ ਜਾਵੇ ਅਤੇ ਜਿਹੜਾ ਲਾਇਸੈਂਸੀ ਮਹੀਨੇ ਦੇ ਅੰਤ ਤੱਕ ਫੀਸ ਨਹੀਂ ਦਿੰਦਾ, ਉਸ ਨੂੰ ਅਗਲੇ ਮਹੀਨੇ ਦੀ 15 ਤਰੀਕ ਤੱਕ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਾਲਸੀ ਵਿਚ ਲਿਖਤੀ ਰੂਪ ਵਿਚ ਦਿੱਤਾ ਜਾਵੇ ਕਿ ਮੈਕਸੀਮਮ ਰੇਟ ਦੀ ਕੋਈ ਵੀ ਆਬਜੈਕਸ਼ਨਲ ਨਹੀਂ ਹੋਵੇਗਾ। ਠੇਕੇਦਾਰ ਵਿਜੇ ਕੂਕਾ, ਸ਼ੈਂਕੀ ਤੇ ਬਲਵੰਤ ਸਿੰਘ ਨੇ ਕਿਹਾ ਕਿ ਆਬਕਾਰੀ ਤੇ ਕਰ ਮੰਤਰੀ ਪੰਜਾਬ ਦੇ ਨਾਮ ਇਕ 11 ਸੂਤਰੀ ਮੰਗ ਪੱਤਰ ਸਹਾਇਕ ਆਬਕਾਰੀ ਕਮਿਸ਼ਨਰ ਪਟਿਆਲਾ ਨੂੰ ਸੌਂਪਿਆ ਗਿਆ ਹੈ ਤਾਂ ਜੋ ਸਰਕਾਰ ਠੇਕੇਦਾਰਾਂ ਦੀਆਂ ਮੰਗਾਂ ’ਤੇ ਧਿਆਨ ਦੇ ਸਕੇ। ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦੇ ਕੇ ਪਾਲਸੀ ਵਿਚ ਤਬਦੀਲੀ ਨਾ ਕੀਤੀ ਤਾਂ ਠੇਕੇਦਾਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਵਿਜੇ ਕੁਮਾਰ ਕੂਕਾ, ਬਲਵੰਤ ਰਾਏ, ਸ਼ੈਂਕੀ, ਅਨੇਜਾ, ਲਵਲੀ ਸਿੰਗਲਾ, ਮੋਨੂੰ, ਅਸ਼ੋਕ ਸਿੰਗਲਾ, ਸੰਦੀਪ ਸਿੰਗਲਾ, ਰਿੰਕੂ ਸਿੰਗਲਾ, ਕੇਸ਼ਵ ਸਿੰਗਲਾ, ਤੇਜ ਪ੍ਰਤਾਪ, ਸੰਜੀਵ ਸੂਦ, ਕੁਲਵੀਰ ਮੁਹਾਲੀ, ਅਮਨੀਤ ਰੋਪੜ, ਪ੍ਰਮੋਦ ਸਮਾਣਾ, ਨਿੱਕਾ ਪਾਤੜਾਂ ਤੋਂ ਇਲਾਵਾ ਡਵੀਜ਼ਨ ਦੇ ਕਈ ਠੇਕੇਦਾਰ ਹਾਜ਼ਰ ਸਨ।

