ਪਿੰਡਾਂ ਵਿੱਚ ਚਲ ਰਹੀਆਂ ਪੰਚਾਇਤੀ ਜਮੀਨਾਂ ਦੀ ਬੋਲੀਆਂ ਸਬੰਧੀ ਜਮੀਨ—ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫਦ ਡੀ.ਡੀ.ਪੀ.ਓ. ਪਟਿਆਲਾ ਨੂੰ ਮਿਲਿਆ।
\ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾ ਕਲਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਐਸ.ਸੀ. ਭਾਈਚਾਰੇ ਦੀਆਂ ਜਮੀਨਾਂ ਦੀ ਬੋਲੀਆਂ ਨੂੰ ਲੈ ਕੇ ਪਿੰਡਾਂ ਵਿੱਚ ਮਾਹੌਲ ਤਣਾਅਪੂਰਵਕ ਬਣਿਆ ਹੋਇਆ ਹੈ। ਪਿੰਡ ਬੌੜਾ ਕਲਾਂ ਵਿੱਚ ਤੀਜਾ ਹਿੱਸਾ ਪੰਚਾਇਤੀ ਜਮੀਨ ਪੂਰੀ ਕਰਨ, ਅਲਾਟ ਕੀਤੇ ਪੰਜ ਪੰਜ ਮਰਲੇ ਪਲਾਟਾਂ ਤੇ ਕਬਜਾ ਕਰਵਾਉਣ, ਪਿੰਡ ਫਤਿਹਗੜ੍ਹ ਛੰਨਾਂ (ਨੇੜੇ ਗਾਜੇਵਾਸ) ਵਿੱਚ ਬੀ.ਡੀ.ਪੀ.ਓ. ਸਮਾਨਾ ਵਲੋਂ ਬਾਰ—ਬਾਰ ਬੋਲੀ ਰੱਖ ਕੇ ਨਾ ਪਹੁੰਚਣਾ, ਮਜਦੂਰਾਂ ਦਾ ਕੰਮ ਛੁਡਾ ਕੇ ਖੱਜਲ ਖੁਆਰ ਕਰਨਾ ਬੀ.ਡੀ.ਪੀ.ਓ. ਦੀ ਮਨਸਾ ਡੰਮੀ ਬੋਲੀ ਕਰਵਾਉਣਾ ਦਰਸਾਉਂਦੀ ਹੈ।
ਪਿੰਡ ਜਲਾਲਪੁਰ (ਪਾਤੜਾਂ) ਦੀ ਬੋਲੀ ਸੁਚੱਜੇ ਢੰਗ ਨਾਲ ਜਲਦੀ ਕਰਵਾਉਣ ਅਤੇ ਡੰਮੀ ਬੋਲੀ ਹੋਣ ਤੋਂ ਰੋਕਣਾ, ਪਿੰਡ ਦੁੱਲੜ ਵਿੱਚ ਜਮੀਨ ਦੀ ਬੋਲੀ ਹੋਣ ਤੋਂ ਬਾਅਦ ਕਬਜਾ ਕਰਵਾਉਣਾ, ਪਿੰਡ ਕਾਹਨਗੜ੍ਹ ਭੂਤਣਾਂ ਵਿੱਚ ਕਬਜਾ ਵਰੰਟ ਜਾਰੀ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਜਲਦੀ ਕਬਜਾ ਕਰਵਾਇਆ ਜਾਵੇ। ਪੰਚਾਇਤ ਸੈਕਟਰੀਆਂ ਵੱਲੋਂ ਧਨਾਟ ਚੌਧਰੀਆਂ ਦੇ ਹੱਥ ਠੋਕੇ ਬਣਕੇ ਗਲਤ ਤਰੀਕੇ ਨਾਲ ਬੋਲੀਆਂ ਕਰਨ ਦੀ ਕੋਸ਼ਿਸ਼ ਨੂੰ ਰੋਕਣਾ ਅਤੇ ਰਹਿੰਦੇ ਪਿੰਡਾਂ ਵਿੱਚ ਬੋਲੀਆਂ ਸਹੀ ਢੰਗ ਨਾਲ ਕਰਨ ਲਈ ਆਦਿ ਮੰਗਾਂ ਨੂੰ ਲੈ ਕੇ ਡੀ.ਡੀ.ਪੀ.ਓ. ਪਟਿਆਲਾ ਸੁਖਚੈਨ ਸਿੰਘ ਪਾਪੜਾ ਨੂੰ ਵਫਦ ਮਿਲਿਆ। ਜਿਸ ਤੇ ਡੀ.ਡੀ.ਪੀ.ਓ. ਪਟਿਆਲਾ ਨੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਪੰਚਾਇਤੀ ਜਮੀਨਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਹਰਇੱਕ ਨੂੰ ਬਣਦਾ ਹੱਕ ਦਿੱਤਾ ਜਾਵੇਗਾ। ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਚੂਹੜਪੁਰ ਮਰਾਸੀਆਂ, ਹਰਵੈਲ ਸਿੰਘ ਜਲਾਲਪੁਰ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਮਨਦੀਪ ਸਿੰਘ, ਕੁਲਵੰਤ ਸਿੰਘ ਜਲਾਲਪੁਰ ਆਦਿ ਹਾਜਰ ਸਨ।

