ਗੁਰਮਤਿ ਕਲਾਸਾਂ ’ਚ ਵਿਦਿਆਰਥੀਆਂ ਨੂੰ ਬਾਬੇ ਨਾਨਕ ਦੀਆਂ ਜਨਮ ਸਾਖੀਆਂ ਨਾਲ ਜੋੜਿਆ
ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਤਿਹਾਸਕਾਰ ਪ੍ਰੋ. ਹਰਪਾਲ ਸਿੰਘ ਪਨੂੰ ਸਨਮਾਨਤ
ਪਟਿਆਲਾ 18 ਜੂਨ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਚੱਲ ਰਹੇ ਗੁਰਮਤਿ ਸਿਖਲਾਈ ਕੈਂਪ ’ਚ ਅੱਜ ਉਚੇਚੇ ਤੌਰ ’ਤੇ ਸਿੱਖ ਇਤਿਹਾਸਕਾਰ ਅਤੇ ਲੇਖਕ ਪ੍ਰੋ. ਹਰਪਾਲ ਸਿੰਘ ਪਨੂੰ ਪੁੱਜੇ ਹੋਏ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਪ੍ਰੋ. ਹਰਪਾਲ ਸਿੰਘ ਪਨੂੰ ਨੇ ਸਿੱਖ ਧਰਮ ਦੇ ਮੋਢੀ ਅਤੇ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਯਾਤਰਾਵਾਂ ਨਾਲ ਸਬੰਧਤ ਜਨਮ ਸਾਖੀਆਂ ਦਾ ਪਾਠ ਪੜ੍ਹਾਇਆ ਅਤੇ ਦੱਸਿਆ ਕਿ ਇਤਿਹਾਸ ਅੰਦਰ ਜਨਮ ਸਾਖੀਆਂ ਦੀ ਕੀ ਮਹੱਤਤਾ ਹੈ।
ਪ੍ਰੋ. ਹਰਪਾਲ ਸਿੰਘ ਪਨੂੰ ਨੇ ਵਿਦਿਆਰਥੀਆਂ ਨੂੰ ਜਨਮ ਸਾਖੀਆਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਦੇ ਜੀਵਨ ਬਿਰਤਾਂਤ ਬਾਰੇ ਦੱਸਿਆ ਕਿ ਗੁਰੂ ਸਾਹਿਬ ਦਾ ਗ੍ਰਹਿਸਤੀ ਜੀਵਨ, ਸੱਚਾ ਸੋਦਾ, ਕਿਰਤ ਕਰਨਾ, ਨਾਮ ਛਕਣਾ, ਵੰਡਣ ਦਾ ਉਪਦੇਸ਼ ਦੀ ਇਤਿਹਾਸ ਅੰਦਰ ਕੀ ਮਹੱਤਤਾ ਹੈ ਅਤੇ ਗੁਰੂ ਸਾਹਿਬ ਦਾ ਪਾਂਧੇ ਪਾਸੋਂ ਪੜ੍ਹਨਾ, ਮਾਨਵਤਾ ਦੇ ਕਲਿਆਣਮਈ ਕਾਰਜਾਂ ਉਦੇਸ਼ ਤੋਂ ਸਾਰਿਆਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਲਗਾਏ ਜਾ ਰਹੇ ਗੁਰਮਤਿ ਕਲਾਸਾਂ ਸ਼ਲਾਘਾਯੋਗ ਉਪਰਾਲਾ ਹੈ ਅਤੇ ਵਿਦਿਆਰਥੀਆਂ ਨੂੰ ਗੁਰਮਤਿ ਅਨੁਸਾਰ ਜੀਵਨ ਪ੍ਰਦਾਨ ਕਰਨੀ ਮਹਾਨ ਕਾਰਜਾਂ ਵਿਚੋਂ ਇਕ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਨੱਥਾ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਅਤੇ ਸਹਾ. ਡਾਇਰੈਕਟਰ ਪ੍ਰੋ. ਸੁਰਿੰਦਰ ਕੌਰ ਵੱਲੋਂ ਲੇਖਕ ਅਤੇ ਸਿੱਖ ਇਤਿਹਾਸਕਾਰ ਪ੍ਰੋ. ਹਰਪਾਲ ਸਿੰਘ ਪਨੂੰ ਸਿਰੋਪਾਓ ਅਤੇ ਸਨਮਾਨਤ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਚਾਰਕ ਪਰਮਿੰਦਰ ਸਿੰਘ ਬਰਾੜਾ, ਬੇਅੰਤ ਸਿੰਘ, ਪਰਵਿੰਦਰ ਸਿੰਘ ਰਿਓਂਦ, ਜਸਵੀਰ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ਼ ਅਤੇ ਅਧਿਕਾਰੀ ਹਾਜ਼ਰ ਸਨ।

