ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਸੈਸ਼ਨ ਦਾ ਆਯੋਜਨ ਯੂਨੀਵਰਸਿਟੀ ਦੇ ਮਲਟੀਪਰਪਜ਼ ਜ਼ਿਮਨੇਜ਼ੀਅਮ ਹਾਲ ਵਿਖੇ ਕਰਵਾਇਆ ਗਿਆ। ਇਸ ਸੈਸ਼ਨ ਦਾ ਆਯੋਜਨ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਸਰੀਰਿਕ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਰੀਰਿਕ ਸਿਖਿਆ ਵਿਭਾਗ ਦੇ ਯੋਗ ਮਾਹਿਰ ਵਿਦਿਆਰਥੀ ਪ੍ਰਵੀਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ ਇਸ ਸੈਸ਼ਨ ਵਿਚ ਵਿਦਿਆਰਥੀ, ਅਧਿਆਪਕ ਅਤੇ ਸਟਾਫ ਮੈਂਬਰ ਹਾਜ਼ਰ ਹੋਏ।
ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਇਸ ਯੋਗ ਸੈਸ਼ਨ ਵਿਚ ਹਿੱਸਾ ਲੈਣ ਉਪਰੰਤ ਆਪਣੇ ਸੰਬੋਧਨ ਵਿਚ ਯੋਗ ਨੂੰ ਨਰੋਈ ਸਿਹਤ ਦੀ ਕੁੰਜੀ ਦਸਦਿਆਂ ਚੰਗੀ ਸਿਹਤ ਹੋਣਾ ਯੋਗ ਵਿਚ ਮੁੱਢਲੇ ਪੱਧਰ ਤੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਨੂੰ ਸਾਡੀ ਜ਼ਿੰਦਗੀ ਦੇ ਅਰਥ ਤਲਾਸ਼ਣ ਦੇ ਰਾਹ ਤੋਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਯੋਗ ਨੂੰ ਅਪਨਾਉਣਾ ਬਹੁਤ ਲਾਹੇਵੰਦ ਹੁੰਦਾ ਹੈ। ਇਸ ਨਾਲ ਸਾਡੀ ਜ਼ਿੰਦਗੀ ਵਿਚ ਇਕਾਗਰਤਾ ਦੇ ਨਾਲ ਨਾਲ ਅਨੁਸ਼ਾਸਨ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਅਭਿਆਸ ਸਰੀਰਿਕ, ਮਾਨਸਿਕ ਅਤੇ ਆਤਮਿਕ ਇਕਾਗਰਤਾ ਦਾ ਢੰਗ ਹੈ ਅਤੇ ਵਿਸ਼ਵ ਭਰ ਤੰਦਰੁਸਤੀ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਮੀਰ ਭਾਰਤੀ ਪਰੰਪਰਾ ਵੱਲੋਂ ਵਿਸ਼ਵ ਨੂੰ ਦਿੱਤਾ ਗਿਆ ਇਕ ਅਨਮੋਲ ਤੋਹਫਾ ਯੋਗ ਹੈ ਅਤੇ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਅਰਥ ਤਲਾਸ਼ਣ ਲਈ ਯੋਗ ਪਰੰਪਰਾ ਦੀ ਘੋਖ ਕਰਨੀ ਚਾਹੀਦੀ ਹੈ। ਡਾ. ਅਮਨਦੀਪ ਸਿੰਘ ਨੇ ਮੰਚ ਸੰਚਾਲਨ ਦੌਰਾਨ ਸੈਸ਼ਨਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਯੋਗ ਵਿਚ ਕਰਵਾਈਆਂ ਗਈਆਂ ਵੱਖ ਵੱਖ ਕਿਰਿਆਵਾਂ ਜਿਵੇਂ ਸੂਰਜ ਨਮਸਕਾਰ, ਵੱਖ ਵੱਖ ਪ੍ਰਾਣਾਯਾਮ, ਧਿਆਨ ਅਤੇ ਹੋਰ ਯੋਗ ਆਸਣਾ ਬਾਰੇ ਦੱਸਿਆ। ਅੱਜ ਯੋਗ ਦਿਵਸ ਮੌਕੇ ਯੂਨੀਵਰਸਿਟੀ ਦੇ ਫਿਟਨੈਸ ਕਲੱਬ ਅਤੇ ਐਨਐਸਐਸ ਤੋਂ ਇਲਾਵਾ ਹੋਰ ਵੀ ਵਿਭਾਗਾਂ ਵੱਲੋਂ ਯੋਗ ਸੈਸ਼ਨ ਕਰਵਾਏ ਗਏ।

