ਪੰਜਾਬਪਟਿਆਲਾ

ਮੁਹੱਲਾ ਕਲੀਨਿਕਾਂ ਦੀ ਥਾਂ ਸਿਹਤ ਮਹਿਕਮੇ ‘ਚ ਖਾਲੀ ਅਸਾਮੀਆਂ ਭਰ ਕਿ, ਲੋੜੀਂਦੀ ਮਸੀਨਰੀ ਮੁਹੱਈਆ ਕਰਵਾਏ ਆਪ ਸਰਕਾਰ : ਰਾਜੂ ਖੰਨਾ।

ਮੰਡੀਗੌਬਿੰਦਗੜ, ਅਮਲੋਹ ਹਸਪਤਾਲ ਤੇ ਪਿੰਡਾਂ ਦੀਆ ਡਿਸਪੈਂਸਰੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ।

ਸਰਕਾਰੀ ਹਸਪਤਾਲ ਵਿੱਚ ਮਰੀਜ਼ ਦੀ ਪਰਚੀ 10 ਰੁਪਏ ਤੇ ਮੁਹੱਲਾ ਕਲੀਨਿਕ ਵਿੱਚ 50 ਰੁਪਏ ਉਹ ਕਿਉ?

ਅਮਲੋਹ, 6 ਜੁਲਾਈ – (ਰਮਨਦੀਪ/ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ‘ਆਪ’ ਸਰਕਾਰ ਵਲੋਂ ਲਿਆਂਦੀ ਜਾ ਰਹੀ ਮੁਹੱਲਾ ਕਲੀਨਿਕ ਸਕੀਮ ਨੂੰ ਮਹਿਜ ਸ਼ੋਸ਼ੇਬਾਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 16 ਹਜ਼ਾਰ ਮੁਹੱਲਾ ਕਲੀਨਿਕ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ‘ਚ ਬਣਾਉਣ ਦਾ ਵਾਅਦਾ ਕੀਤਾ ਸੀ, ਤੇ ਆਪ ਸਰਕਾਰ ਵੱਲੋਂ ਅੱਜ 77 ਕਰੋੜ ਦੀ ਲਾਗਤ ਨਾਲ 117 ਹਲਕਿਆਂ ‘ਚ ਸਿਰਫ਼ ਇਕ-ਇਕ ਮੁਹੱਲਾ ਕਲੀਨਿਕ ਸ਼ੁਰੂ ਕੀਤਾ ਜਾ ਰਿਹਾ ਹੈ।77 ਕਰੋੜ ਦੇ ਹਿਸਾਬ ਨਾਲ 117 ਹਲਕਿਆਂ ‘ਚ 65 ਲੱਖ 81 ਹਜ਼ਾਰ ਦੀ ਲਾਗਤ ਨਾਲ ਇਕ ਮੁਹੱਲਾ ਕਲੀਨਿਕ ਬਣੇਗਾ। ਜੇਕਰ ਕੇਜਰੀਵਾਲ ਦੇ ਐਲਾਨ ਮੁਤਾਬਕ 16 ਹਜ਼ਾਰ ਕਲੀਨਿਕ ਬਣਾਏ ਜਾਣਗੇ ਤਾਂ 10 ਹਜ਼ਾਰ 529 ਕਰੋੜ ਰੁਪਏ ਖ਼ਰਚ ਹੋਣਗੇ। ਇਨ੍ਹਾਂ ਮੁਹੱਲਾ ਕਲੀਨਿਕਾਂ ‘ਚ ਪੱਕੇ ਮੁਲਾਜ਼ਮਾਂ ਦੀ ਥਾਂ ‘ਆਪ’ ਸਰਕਾਰ ਰਿਟਾਇਰਡ ਮੁਲਾਜ਼ਮਾਂ ਨੂੰ ਹੀ ਤਾਇਨਾਤ ਕਰਨ ਜਾ ਰਹੀ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਹੁੰਦਿਆਂ ਕੱਚੇ ਮੁਲਾਜ਼ਮਾਂ ਦੀ ਐਕਸਟੈਨਸ਼ਨ ਅਤੇ ਮੁੜ ਤਾਇਨਾਤੀ ਨੂੰ ਲੈ ਕੇ ਵਿਰੋਧ ਕਰਦੀ ਆਈ ਹੈ ਅਤੇ ਆਮ ਆਦਮੀ ਪਾਰਟੀ ਦਾ ਵਾਅਦਾ ਸੀ ਕਿ ਉਹ ਕੱਚੇ ਮੁਲਾਜ਼ਮਾਂ ਦੀ ਥਾਂ ਪੱਕੇ ਮੁਲਾਜ਼ਮ ਭਰਤੀ ਕਰੇਗੀ।

ਭਗਵੰਤ ਮਾਨ ਨੇ ਸੱਤਾ ‘ਚ ਆਉਂਦਿਆਂ ਹਰਾ ਪੈੱਨ ਚਲਾਉਣ ਦੇ ਵੱਡੇ ਦਾਅਵੇ ਕੀਤੇ ਸਨ ਪਰ ਅੱਜ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਹਰਾ ਪੈਨ ਗੁਆਚ ਗਿਆ ਹੈ ਅਤੇ ਨੌਜਵਾਨਾਂ ਦੀਆਂ ਆਸਾਂ ਤੇ ਪੁਰਾਣੇ ਮੁਲਾਜ਼ਮ ਰੱਖਣ ਨਾਲ ਇਕ ਵਾਰ ਫਿਰ ਤੋਂ ਪਾਣੀ ਫਿਰ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਮੁਹੱਲਾ ਕਲੀਨਿਕਾਂ ‘ਤੇ ਲਗਾਉਣ ਦੀ ਥਾਂ ਇਕ ਹਜ਼ਾਰ ਅਸਾਮੀਆਂ ਮੈਡੀਕਲ ਅਫ਼ਸਰਾਂ ਦੀਆਂ ਅਤੇ ਉਸ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ਼ ਦੀਆਂ ਪੱਕੀਆਂ ਭਰਤੀਆਂ ‘ਤੇ ਜ਼ੋਰ ਦੇਵੇ ਕਿਉਂਕਿ ਪੰਜਾਬ ‘ਚ ਪਿੰਡਾਂ ਅਤੇ ਸ਼ਹਿਰਾਂ ਚ ਕੁੱਲ ਮਿਲਾ ਕੇ ਪਹਿਲਾਂ ਹੀ 8 ਹਜ਼ਾਰ ਦੇ ਕਰੀਬ ਛੋਟੀਆਂ-ਵੱਡੀਆਂ ਸਰਕਾਰੀ ਸਿਹਤ ਸਹੂਲਤਾਂ ਮੌਜੂਦ ਹਨ ਪਰ ਇਨ੍ਹਾਂ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦੀਆਂ ਇਮਾਰਤਾਂ ‘ ਹੋਣ ਦੇ ਬਾਵਜੂਦ ਸਟਾਫ਼ ਦੀ ਕਮੀ ਕਰਕੇ ਲੋਕਾਂ ਦਾ ਇਲਾਜ ਚੰਗੀ ਤਰ੍ਹਾਂ ਨਹੀਂ ਹੋ ਰਿਹਾ। ਰਾਜੂ ਖੰਨਾ ਨੇ ਦੇਸ਼ ਦੀ ਸਭ ਤੋ ਵੱਡੀ ਲੋਹਾ ਨਗਰੀ ਮੰਡੀਗੌਬਿੰਦਗੜ ਤੇ ਅਮਲੋਹ ਸ਼ਹਿਰ ਦੇ ਹਸਪਤਾਲਾਂ ਵਿੱਚ ਜਿਥੇ ਸਟਾਫ਼ ਪੂਰਾ ਕਰਨ ਤੇ ਲੋੜੀਂਦੀ ਮਸੀਨਰੀ ਤੁਰੰਤ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਉਂਥੇ ਉਹਨਾਂ ਪਿੰਡਾਂ ਵਿੱਚ ਬਣੀਆਂ ਡਿਸਪੈਂਸਰੀਆਂ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਂਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ‘ਚ ਸਿਰਫ਼ 10 ਰੁਪਏ ਪਰਚੀ ਲੱਗਦੀ ਹੈ ਅਤੇ ਮੁਹੱਲਾ ਕਲੀਨਿਕ ‘ਚ 50 ਰੁਪਏ ਦੇਣੇ ਪੈਣਗੇ ਜੋ ਕਿ ਗਰੀਬਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ ਗ਼ਰੀਬਾਂ ਦੇ ਇਲਾਜ ਲਈ ਚਲਾਈ ਆਯੁਸ਼ਮਾਨ ਬੀਮਾ ਯੋਜਨਾ ਠੱਪ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਗਰੀਬਾਂ ਦਾ ਕਿੰਨਾ ਕੁ ਫ਼ਿਕਰ ਹੈ ਅਤੇ ਅੱਜ ਜਿਹੜੇ ਗਰੀਬ ਹਸਪਤਾਲਾਂ ‘ਚ 5 ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਸਨ, ਅੱਜ ਉਹ ਉਸ ਸਹੂਲਤ ਤੋਂ ਵਾਂਝੇ ਹੋ ਚੁੱਕੇ ਹਨ।

Leave a Reply

Your email address will not be published. Required fields are marked *