ਪੰਥਕ ਆਗੂ ਤੇਜਾ ਸਿੰਘ ਸਮੁੰਦਰੀ ਦੀ ਯਾਦ ’ਚ ਸ਼ਹੀਦੀ ਸਮਾਗਮ
ਅਜ਼ਾਦੀ ਲਹਿਰ ਦੌਰਾਨ ਸਿਰੜੀ ਦੇਸ਼ ਭਗਤਾਂ ’ਚੋਂ ਇਕ ਸਨ ਤੇਜਾ ਸਿੰਘ ਸਮੁੰਦਰੀ : ਪ੍ਰੋ. ਬਡੂੰਗਰ
ਪਟਿਆਲਾ 17 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਪੰਥਕ ਅਤੇ ਅਕਾਲੀ ਸਫਾਂ ’ਚ ਆਪਣਾ ਅਹਿਮ ਤੇ ਵੁੱਡਮੁੱਲਾ ਯੋਗਦਾਨ ਪਾਉਣ ਵਾਲੇ ਪੰਥਕ ਆਗੂ ਤੇਜਾ ਸਿੰਘ ਸਮੁੰਦਰੀ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਅਤੇ ਹਜ਼ੂਰੀ ਕੀਰਤਨੀ ਜੱਥਿਆਂ ਨੇ ਗੁਰਬਾਣੀ ਸਰਵਣ ਰਾਹੀਂ ਸੰਗਤਾਂ ਨੂੰ ਨਿਹਾਲ ਕੀਤੀ। ਸ਼ਹੀਦੀ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਪੰਥਕ ਆਗੂ ਤੇਜਾ ਸਿੰਘ ਸਮੁੰਦਰੀ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਸੰਘਰਸ਼ੀ ਯੋਧਿਆਂ ਵਿਚੋਂ ਇਕ ਸਨ, ਜਿਨਾਂ ਨੇ ਜੈਤੋ ਦੇ ਮੋਰਚਾ ਵਿਚ ਅਗਰਸਰ ਹੋ ਕੇ ਜਥੇ ਦੀ ਅਗਵਾਈ ਕੀਤੀ ਅਤੇ ਤਿੰਨ ਸਾਲ ਲਾਹੌਰ ਜੇਲ੍ਹ ਵਿਚ ਅਨੇਕਾਂ ਤਸੀਹੇ ਚੱਲਦਿਆਂ ਅੰਗਰੇਜ਼ ਸਰਕਾਰ ਦੀ ਈਨ ਨਾ ਮੰਨਦਿਆਂ ਜੇਲ੍ਹ ਵਿਚ ਹੀ ਸ਼ਹੀਦੀ ਪਾ ਗਏ।
ਪ੍ਰੋ. ਬਡੂੰਗਰ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਦਾ ਸਮੁੱਚਾ ਜੀਵਨ ਸਾਰਿਆਂ ਨੂੰ ਦਿ੍ਰੜ ਅਤੇ ਨਿੱਗਰ ਉਸਾਰੂ ਕੰਮਾਂ ਵਾਸਤੇ ਪ੍ਰੇਰਿਤ ਕਰਦਾ, ਜਿਨਾਂ ਨੇ ਅਜ਼ਾਦੀ ਲਹਿਰ ਦੌਰਾਨ ਸਿਰੜੀ ਦੇਸ਼ ਭਗਤ ਹੋਣ ਦਾ ਪ੍ਰਮਾਣ ਵੀ ਦਿੱਤਾ। ਉਨ੍ਹਾਂ ਕਿਹਾ ਕਿ 1920 ਵਿਚ ਅਕਾਲੀ ਲਹਿਰ ਦੌਰਾਨ ਵੀ ਅਹਿਮ ਭੂਮਿਕਾ ਨਿਭਾਈ ਅਤੇ ਅੱਜ ਦਾ ਇਹ ਸ਼ਹੀਦੀ ਦਿਨ ਅਜੌਕੀ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਨੱਥਾ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇ. ਗੁਰਮੀਤ ਸਿੰਘ ਸੁਨਾਮ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਗੁਰਦੀਪ ਸਿੰਘ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਜੀਤ ਸਿੰਘ ਕੌਲੀ, ਸਰਬਜੀਤ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਅਤੇ ਅਧਿਕਾਰੀ ਹਾਜ਼ਰ ਸਨ।

