ਪਟਿਆਲਾ

24ਵੇਂ ਆਨਲਾਈਨ ਵਿਖਿਆਨ ਦਾ ਵਿਸ਼ੇ ’ਤੇ ਆਯੋਜਨ ਕੀਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਵਲੋਂ ਸਾਂਝੇ ਰੂਪ ਵਿਚ ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ ਅਧੀਨ 24ਵੇਂ ਆਨਲਾਈਨ ਵਿਖਿਆਨ ਦਾ ਗੁਰਮਤਿ ਸੰਗੀਤ ਪਰੰਪਰਾ ਵਿਚ ਰਬਾਬੀ ਕੀਰਤਨਕਾਰਾਂ ਦਾ ਯੋਗਦਾਨ ਵਿਸ਼ੇ ’ਤੇ ਆਯੋਜਨ ਕੀਤਾ ਗਿਆ। ਸ਼ੁਰੂ ਵਿੱਚ ਵੈਬੀਨਾਰ ਦੇ ਕੋਆਰਡੀਨੇਟਰ ਡਾ. ਹਰਮਿੰਦਰ ਕੌਰ ਨੇ ਗੁਰਮਤਿ ਸੰਗੀਤ ਚੇਅਰ ਦੇ ਕਾਰਜਾਂ ਅਤੇ ਵਿਖਿਆਨ ਲੜੀ ਬਾਰੇ ਦੱਸਦੇ ਹੋਏ ਸਮੂਹ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ। ਉਪਰੰਤ ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਨਿਵੇਦਿਤਾ ਸਿੰਘ ਨੇ ਗੁਰਮਤਿ ਵਿਖਿਆਨ ਦੇ ਵਿਸ਼ੇ ਬਾਰੇ ਸੰਖੇਪ ਰੂਪ ਵਿਚ ਦੱਸਦੇ ਹੋਏ ਸਰੋਤਿਆਂ ਨੂੰ ਰਬਾਬ ਸਾਜ਼ ਦੇ ਇਤਿਹਾਸ ਤੋਂ ਜਾਣੂ ਕਰਾਇਆ।

ਵਿਖਿਆਨ ਵਿਚ ਮੁੱਖ ਵਕਤਾ ਵਜੋਂ ਉੱਘੇ ਸਿੱਖ ਵਿਦਵਾਨ ਅਤੇ ਸਾਬਕਾ ਨਿਊਜ਼ ਰੀਡਰ, ਜਲੰਧਰ ਦੂਰਦਰਸ਼ਨ ਸ. ਤੀਰਥ ਸਿੰਘ ਢਿੱਲੋਂ ਨੇ ਰਬਾਬੀ ਕੀਰਤਨਕਾਰਾਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1947 ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ 26 ਜਥੇ ਰਬਾਬੀ ਕੀਰਤਨਕਾਰਾਂ ਦੇ ਸਨ ਜਿਹਨਾਂ ਵਿਚੋਂ ਕਈ ਫ਼ਿਲਮ ਸੰਗੀਤਕਾਰ ਵੀ ਸਨ। ਆਪ ਨੇ ਭਾਈ ਚਾਂਦ, ਭਾਈ ਲਾਲ, ਭਾਈ ਸੱਦੂ, ਭਾਈ ਮੱਦੂ, ਭਾਈ ਛੈਲਾ ਆਦਿ ਰਬਾਬੀਆਂ ਬਾਰੇ ਹਵਾਲਿਆਂ ਸਹਿਤ ਵਿਦਵਤਾ ਪੂਰਨ ਜਾਣਕਾਰੀ ਦਿੱਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਦੇ ਸਾਬਕਾ ਡਾਇਰੈਕਟਰ ਪ੍ਰੋ. ਨਾਸ਼ਿਰ ਨਕਵੀ ਨੇ ਵੈਬੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਗੁਰੂ ਨਾਨਕ ਸਾਹਿਬ ਅਤੇ ਰਬਾਬੀ ਕੀਰਤਨਕਾਰ ਭਾਈ ਮਰਦਾਨਾ ਜੀ ਬਾਰੇ ਸ਼ਾਇਰਾਨਾ ਰੂਪ ਵਿਚ ਉਰਦੂ ਵਿੱਚ ਗੱਲ ਕੀਤੀ।

ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਕਿਹਾ ਕਿ ਅੱਜ ਦਾ ਵਿਖਿਆਨ ਗੁਰਮਤਿ ਸੰਗੀਤ ਦੇ ਬਹੁਤ ਮਹੱਤਵਪੂਰਨ ਪਹਿਲੂ ’ਤੇ ਹੋਇਆ ਹੈ ਜਿਸ ਤੋਂ ਸਾਰੇ ਵਿਦਿਆਰਥੀ ਅਤੇ ਖੋਜਾਰਥੀ ਲਾਭ ਉਠਾਉਣਗੇ। ਵੈਬੀਨਾਰ ਦੇ ਅੰਤ ਵਿਚ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਦੇ ਡਾਇਰੈਕਟਰ ਡਾ. ਮਲਕਿੰਦਰ ਕੌਰ ਜੀ ਨੇ ਵਿਦਵਾਨਾਂ, ਸਰੋਤਿਆਂ ਤੋਂ ਇਲਾਵਾ ਚੇਅਰ ਅਤੇ ਆਨਲਾਈਨ ਸਟੱਡੀ ਸੈਂਟਰ ਦੇ ਸਟਾਫ਼ ਦਾ ਧੰਨਵਾਦ ਕੀਤਾ। ਵੈਬੀਨਾਰ ਵਿਚ ਫ਼ੈਕਲਟੀ ਮੈਂਬਰਾਨ, ਵਿਦਿਆਰਥੀਆਂ ਅਤੇ ਖੋਜਾਰਥੀਆਂ ਤੋਂ ਇਲਾਵਾ ਭਾਈ ਜਸਪ੍ਰੀਤ ਸਿੰਘ, ਅਮਰੀਕ ਸਿੰਘ ਭੰਗੂ, ਬਲਜੀਤ ਸਿੰਘ, ਰਾਜਦੀਪ ਕਲੇਟ, ਜਸਜੋਤ ਕੌਰ, ਪਾਰੁਲ ਸ਼ਰਮਾ, ਗੁਰਸ਼ਰਨ ਸਿੰਘ, ਡਾ. ਕਰਮਜੀਤ ਕੌਰ, ਡਾ. ਅਮਰਿੰਦਰ ਸਿੰਘ, ਸ੍ਰੀ ਅਲੀ ਅਕਬਰ, ਸ. ਜਸਬੀਰ ਸਿੰਘ ਜਵੱਦੀ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *