ਪੰਜਾਬ ’ਚ ਭਗਵੰਤ ਮਾਨ ਨਹੀਂ ਸਗੋਂ ਅੱਧਾ ਦਰਜ਼ਨ ਮੁੱਖ ਮੰਤਰੀ ਹਨ : ਸੁਖਬੀਰ ਬਾਦਲ
ਜਿਹੜੀ ਸਰਕਾਰ ਐਡਵੋਕੇਟ ਜਨਰਲ ਬਾਰੇ ਫੈਸਲਾ ਨਹੀਂ ਲੈ ਸਕਦੀ, ਉਹ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਫੈਸਲੇ ਕਿਵੇਂ ਲੈ ਸਕਦੀ ਹੈ
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ : ਪ੍ਰੋ. ਚੰਦੂਮਾਜਰਾ
ਪਟਿਆਲਾ, 28 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਹਾਇਸ਼ ’ਤੇ ਪਟਿਆਲਾ ਪਹੁੰਚੇ, ਜਿਥੇ ਪ੍ਰੋ. ਚੰਦੂਮਾਜਰਾ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਥੇ ਦੋਨਾਂ ਵਿਚਕਾਰ ਪਾਰਟੀ ਨੀਤੀਆਂ ਨੂੰ ਲੈ ਕੇ ਤੇ ਪਾਰਟੀ ਨੂੰ ਮੁੜ ਤੋਂ ਪੰਜਾਬ ਵਿਚ ਸੁਰਜੀਤ ਕਰਨ ਲਈ ਲੰਬੀ ਗੱਲਬਾਤ ਹੋਈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਹੁਣ ਇਕ ਅਜਿਹਾ ਰਾਜ ਬਣ ਗਿਆ ਹੈ, ਜਿਥੇ ਇਕ ਮੁੱਖ ਮੰਤਰੀ ਨਹੀਂ ਸਗੋਂ ਅੱਧਾ ਦਰਜ਼ਨ ਮੁੱਖ ਮੰਤਰੀ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਰਾਘਵ ਚੱਢਾ, ਭਗਵੰਤ ਮਾਨ ਦੀ ਧਰਮ ਪਤਨੀ ਅਤੇ ਭਗਵੰਤ ਮਾਨ ਦੀ ਮਾਂ ਸਾਰੇ ਹੀ ਮੁੱਖ ਮੰਤਰੀ ਹਨ। ਇਹੀ ਕਾਰਨ ਹੈ ਕਿ ਇੰਨੀ ਥਾਂ ’ਤੇ ਪਾਵਰ ਵੰਡੀ ਹੋਣ ਕਰਕੇ ਅਤੇ ਸਰਕਾਰ ਦੀ ਕੋਈ ਇਕਸੁਰਤਾ ਨਾ ਹੋਣ ਕਰਕੇ ਸਰਕਾਰ ਐਡਵੋਕੇਟ ਜਨਰਲ ਤੱਕ ਦੇ ਫੈਸਲੇ ਖੁੱਦ ਨਹੀਂ ਲੈ ਪਾ ਰਹੀ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਇਕ ਆਪਣੇ ਐਡਵੋਕੇਟ ਜਨਰਲ ਬਾਰੇ ਫੈਸਲਾ ਨਹੀਂ ਲੈ ਸਕਦੀ, ਉਹ ਸਰਕਾਰ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਹਿੱਤਾਂ ਬਾਰੇ ਫੈਸਲੇ ਕਿਸ ਤਰ੍ਹਾਂ ਲੈ ਸਕਦੀ ਹੈ।
ਭਗਵੰਤ ਮਾਨ ਕੁੱਝ ਹੋਰ ਕਹਿ ਰਿਹਾ ਹੈ, ਰਾਘਵ ਚੱਢਾ ਕੁੱਝ ਹੋਰ ਅਤੇ ਜਦੋਂ ਫੈਸਲਾ ਅੰਤਿਮ ਘੜੀ ਵਿਚ ਅਰਵਿੰਦ ਕੇਜਰੀਵਾਲ ਕੋਲ ਪਹੁੰਚਦਾ ਹੈ ਤਾਂ ਕੁੱਝ ਹੋਰ ਹੀ ਬਣ ਜਾਂਦਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਨੂੰ ਦਿੱਲੀ ਬੈਠੇ ਲੋਕ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਦੇ ਨਾਮ ’ਤੇ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਸਰਕਾਰ ਨੇ ਵੱਡੇ ਪੱਧਰ ’ਤੇ ਪ੍ਰਸ਼ਾਸ਼ਨਿਕ ਸੁਧਾਰ ਕੀਤੇ। ਉਨ੍ਹਾਂ ਸੁਧਾਰਾਂ ਵਿਚੋਂ ਲੋਕਾਂ ਨੂੰ ਕਿਤੇ ਇਧਰ ਉਧਰ ਨਾ ਜਾਣਾ ਪਵੇ, ਉਨ੍ਹਾਂ ਦੇ ਘਰਾਂ ਤੱਕ ਸਮੁੱਚੀਆਂ ਪ੍ਰਸ਼ਾਸ਼ਨਿਕ ਸਹੂਲਤਾਂ ਪਹੁੰਚਾਈਆਂ। ਕਾਂਗਰਸ ਆਈ ਉਨ੍ਹਾਂ ਨੇ ਇਸ ਪ੍ਰਸ਼ਾਸ਼ਨਿਕ ਸੁਧਾਰਾਂ ਨੂੰ ਕਮਜ਼ੋਰ ਕਰਕੇ ਜਨ ਸੇਵਾ ਕੇਂਦਰਾਂ ਦਾ ਕੋਈ ਰੱਖ ਰਖਾਅ ਨਹੀਂ ਕੀਤਾ ਅਤੇ ਆਮ ਆਦਮੀ ਪਾਰਟੀ ਨੇ ਤਾਂ ਇਨ੍ਹਾਂ ਨੂੰ ਬੰਦ ਕਰਕੇ ਇਥੇ ਮੁਹੱਲਾ ਕਲੀਨਿਕ ਨਾਮ ਦਾ ਡਰਾਮਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਪਿੰਡਾਂ ਦੇ ਕਲੱਸਟਰ ਬਣਾ ਕੇ ਥਾਂ-ਥਾਂ ’ਤੇ ਡਿਸਪੈਂਸਰੀਆਂ, ਸਿਵਲ ਹਸਪਤਾਲ ਬਣੇ ਹੋਏ ਹਨ, ਉਨ੍ਹਾਂ ਵਿਚ ਤਾਂ ਨਾ ਕੋਈ ਡਾਕਟਰ ਹੈ, ਨਾ ਦਵਾਈਆਂ ਹਨ ਤੇ ਸਰਕਾਰ ਉਥੇ ਡਾਕਟਰ ਤੇ ਦਵਾਈਆਂ ਭੇਜਣ ਦੀ ਬਜਾਏ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਦਾ ਧਿਆਨ ਡਾਇਵਰਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ 20 ਲੱਖ ਵਿਚ ਪੂੁਰਾ ਜਨ ਸੇਵਾ ਕੇਂਦਰ ਬਣਾਇਆ ਤੇ ਆਮ ਆਦਮੀ ਪਾਰਟੀ ਵਾਲੇ ਸਿਰਫ ਉਨ੍ਹਾਂ ’ਤੇ ਰੰਗ ਕਰਕੇ ਇਕ ਮੁਹੱਲਾ ਕਲੀਨਿਕ ’ਤੇ 20 ਲੱਖ ਰੁਪਏ ਦਾ ਖਰਚ ਦਿਖਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਿਮੋਟ ਦਿੱਲੀ ਦੇ ਹੱਥਾਂ ਵਿਚ ਹੈ। ਲੋਕਾਂ ਨੇ ਸਰਕਾਰ ਭਗਵੰਤ ਮਾਨ ਨੂੰ ਸੌਂਪੀ ਸੀ ਅਤੇ ਭਗਵੰਤ ਮਾਨ ਨੇ ਅੱਗੇ ਦਿੱਲੀ ਦੇ ਹੱਥਾਂ ਵਿਚ ਸੌਂਪ ਦਿੱਤੀ ਹੈ ਤੇ ਹੁਣ ਹਾਲਾਤ ਇਹ ਹਨ ਕਿ ਭਗਵੰਤ ਮਾਨ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਥੇ ਅਮਨ ਤੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ। ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਰਕਾਰ ਅੱਖੋਂ ਪਰੋਖੇ ਕਰਕੇ ਦਿੱਲੀ ਤੋਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਸੁਖਬੀਰ ਅਬਲੋਵਾਲ, ਗੁਰਦੀਪ ਸਿੰਘ ਸ਼ੇਖੂਪੁਰ, ਸੈਨਿਕ ਵਿੰਗ ਦੇ ਪ੍ਰਧਾਨ ਕੈਪਟਨ ਸਾਹਬ, ਸਿਮਰਨਜੀਤ ਸਿੰਘ ਚੰਦੂਮਾਜਰਾ, ਭੁਪਿੰਦਰ ਸਿੰਘ ਸ਼ੇਖੂਪੁਰ, ਜਤਿੰਦਰ ਸਿੰਘ ਪਹਾੜੀਪੁਰ, ਪਲਵਿੰਦਰ ਸਿੰਘ ਰਿੰਕੂ, ਜਸਵਿੰਦਰਪਾਲ ਸਿੰਘ ਚੱਢਾ, ਜਿਉਣਾ ਖਾਨ, ਵਰਿੰਦਰ ਡਕਾਲਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

