ਖ਼ਾਲਸਾ ਕਾਲਜ ਵੈਟਰਨਰੀ ਸਾਇੰਸ ਵਿਖੇ ‘ਲੰਪੀ ਚਮੜੀ ਦੀ ਬਿਮਾਰੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ
ਅੰਮ੍ਰਿਤਸਰ, 5 ਅਗਸਤ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਪਸ਼ੂਆਂ ਤੋਂ ਪੈਦਾ ਹੋ ਰਹੀਆਂ ਬਿਮਾਰੀਆਂ ਸਬੰਧੀ ਜਾਣੂ ਕਰਵਾਉਣ ਸਬੰਧੀ ‘ਲੰਪੀ ਚਮੜੀ ਦੀ ਬਿਮਾਰੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ’ਚ ਲੰਪੀ ਚਮੜੀ ਦੀ ਬਿਮਾਰੀ (ਐਲ. ਐਸ. ਡੀ.)-ਪਸ਼ੂਆਂ ਅਤੇ ਮੱਝਾਂ ਦਾ ਇਕ ਛੂਤ ਵਾਲਾ ਵਿਸ਼ਾਣੂ ਰੋਗ ਹੈ ਜੋ ਕਿ ਮੱਛਰ, ਕੱਟਣ ਵਾਲੀਆਂ ਮੱਖੀਆਂ ਅਤੇ ਚਿੱਚੜ ਨਾਲ ਫੈਲਦੀ ਹੈ, ਦੇ ਬਾਰੇ ’ਚ ਵਿਸਥਾਰ ਪੂਰਵਕ ਚਾਨਣਾ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ।
ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਦੱਸਿਆ ਕਿ ਇਸ ਬਿਮਾਰੀ ਦੀ ਸ਼ੁਰੂਆਤ 2-3 ਦਿਨਾਂ ਲਈ ਬੁਖਾਰ ਨਾਲ ਹੁੰਦੀ ਹੈ ਅਤੇ ਬਾਅਦ ’ਚ ਸਰੀਰ ਦੀ ਚਮੜੀ ’ਤੇ ਸਖਤ, ਗੋਲ ਨੋਡਿਊਲ (2-5 ਸੈਂਟੀਮੀਟਰ) ਬਣਦੇ ਹਨ। ਇਹ ਨੋਡਿਊਲ ਘੇਰੇਦਾਰ, ਗੋਲ, ਉੱਭਰੇ ਹੁੰਦੇ ਹਨ, ਚਮੜੀ ਦੇ ਥੱਲ੍ਹੇ ਮਾਸ ਅਤੇ ਕਈ ਵਾਰ ਮਾਸਪੇਸ਼ੀਆਂ ਨੂੰ ਸ਼ਾਮਿਲ ਕਰਦੇ ਹਨ। ਉਨ੍ਹਾਂ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਲੱਛਣਾਂ ’ਚ ਮੂੰਹ, ਗਲੇ ਅਤੇ ਸਾਹ ਦੀ ਨਾਲੀ ’ਚ ਜਖਮ, ਕਮਜੋਰੀ, ਵਧੇ ਹੋਏ ਲਿੰਫ ਨੋਡਸ, ਘੱਟ ਦੁੱਧ ਉਤਪਾਦਨ, ਗਰਭਪਾਤ ਅਤੇ ਕਈ ਵਾਰ ਮੌਤ ਵੀ ਹੋ ਸਕਦੀ ਹੈ। ਹਾਲਾਂਕਿ ਬਿਮਾਰ ਜਾਨਵਰ ਆਮ ਤੌਰ ’ਤੇ 2-3 ਹਫਤਿਆਂ ’ਚ ਠੀਕ ਹੋ ਜਾਂਦੇ ਪਰ ਕੁਝ ਹਫਤਿਆਂ ਤੱਕ ਪਸ਼ੂਆਂ ’ਚ ਦੁੱਧ ਦੀ ਕਮੀ, ਪਸ਼ੂ ਦਾ ਸੁਸਤ ਤੇ ਢਿੱਲਾ ਰਹਿਣਾ ਅਤੇ ਪਸ਼ੂ ਦੀ ਦਿੱਖ ਮਾੜੀ ਹੁੰਦੀ ਹੈ ਜੋ ਕਿ ਪਸ਼ੂ ਪਾਲਕ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਬਿਮਾਰੀ ’ਚ ਮੌਤ ਦਰ ਲਗਭਗ 1-5% ਵੇਖੀ ਗਈ ਹੈ।
ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਬਿਮਾਰ ਪਸ਼ੂਆਂ ਨੂੰ ਵੱਖ ਰੱਖੋ ਅਤੇ ਡਾਕਟਰ ਨਾਲ ਸਲਾਹ ਕਰਕੇ ਬਿਮਾਰ ਜਾਨਵਰਾਂ ਦਾ ਲੱਛਣਾਂ ਮੁਤਾਬਕ ਇਲਾਜ ਕਰਵਾਓ। ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕਸ ਦਵਾਈ ਵੀ 5-7 ਦਿਨਾਂ ਲਈ ਵਰਤੀ ਜਾ ਸਕਦੀ ਹੈ। ਚਮੜੀ ਤੇ ਫਲਾਈ-ਰੈਪੇਲੈਂਟ ਦੇ ਨਾਲ ਐਂਟੀਸੈਪਟਿਕ ਲਗਾਉਣੀ ਚਾਹੀਦੀ ਹੈ। ਬਿਮਾਰ ਪਸ਼ੂਆਂ ਲਈ ਤਰਲ ਭੋਜਨ, ਤਾਜੇ ਹਰੇ ਚਾਰੇ ਦੀ ਸਿਫਾਰਸ਼ ਹੈ। ਉਨ੍ਹਾਂ ਕਿਹਾ ਕਿ ਐੱਲ. ਐੱਸ. ਡੀ ਦੇ ਕਾਰਨ ਮਰਨ ਵਾਲੇ ਪਸ਼ੂਆਂ ਨੂੰ ਡੂੰਘੇ ਟੋਏ ਪੁੱਟ ਕੇ ਡਾਕਟਰ ਦੀ ਸਲਾਹ ਨਾਲ ਦਬਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰੋਕਥਾਮ ਲਈ ਬਿਮਾਰ ਜਾਨਵਰਾਂ ਨੂੰ ਤੰਦਰੁਸਤ ਜਾਨਵਰਾਂ ਤੋਂ ਛੇਤੀ ਤੋਂ ਛੇਤੀ ਵੱਖ ਕਰੋਂ, ਚਿੱਚੜ, ਮੱਖੀਆਂ, ਮੱਛਰ, ਪਿੱਸੂ ਦੇ ਰੋਕਥਾਮ ਲਈ ਉਪਰਾਲੇ ਕਰੋਂ ਅਤੇ ਸਫਾਈ ਦਾ ਖਾਸ ਧਿਆਨ ਰੱਖੋ। ਉਨ੍ਹਾਂ ਦੱਸਿਆ ਕਿ ਜਾਨਵਰਾਂ ਦੀ ਆਵਾਜਾਈ ਨਾ ਕਰੋ ਤੇ ਪਸ਼ੂਆਂ ਦੇ ਵਪਾਰ, ਮੇਲਿਆਂ, ਸ਼ੋਅ ’ਚ ਭਾਗ ਲੈਣ ਤੋਂ ਗੁਰੇਜ ਕਰੋ। ਇਸ ਦੇ ਇਲਾਵਾ ਬੀਮਾਰ ਪਸ਼ੂ ਦਾ ਇਲਾਜ ਕਰਨ ਵਾਲੇ ਕਾਮੇ ਵੱਖ ਹੋਣ ਜਾਂ ਪਹਿਲਾ ਤੰਦਰੁਸਤ ਜਾਨਵਰਾਂ ਦੀ ਸੰਭਾਲ ਕਰਨ। ਫਾਰਮ ਦੀ ਢੁਕਵੇਂ ਕੀਟਾਣੂਨਾਸ਼ਕਾਂ ਨਾਲ ਪੂਰੀ ਤਰ੍ਹਾਂ ਸਫਾਈ ਅਤੇ ਰੋਗਾਣੂ ਮੁਕਤ ਕਰਣ ਲਈ ਫਾਰਮਲੀਨ 1% ਜਾਂ ਸੋਡੀਅਮ ਹਾਈਪੋਕਲੋਰਾਈਟ 2-3% ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਾ. ਵਰਮਾ ਨੇ ਕਿਹਾ ਕਿ ਐੱਲ.ਐੱਸ.ਡੀ ਦੇ ਬਿਮਾਰ ਜਾਨਵਰਾਂ ਤੋਂ ਵੀਰਜ ਨਾ ਇਕੱਠਾ ਕਰੋ ਤੇ ਨਾ ਹੀ ਮਿਲਾਪ ਲਈ ਵਰਤੋਂ। ਭਾਵੇ ਇਸ ਬਿਮਾਰੀ ਦੀ ਮਨੁੱਖਾਂ ’ਚ ਸੰਕ੍ਰਮਣ ਦੀ ਪੁਸ਼ਟੀ ਨਹੀਂ ਹੋਈ ਹੈ ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜਰ, ਦਸਤਾਨੇ ਅਤੇ ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਲਈ ਸਾਫ ਸਫਾਈ, ਬਿਮਾਰ ਪਸ਼ੂ ਨੂੰ ਵੱਖਰਾ ਕਰਨਾ, ਮੱਖੀ, ਮੱਛਰ ਦੀ ਰੋਕਥਾਮ, ਲਾਮਤਾਵਾਂ ਮੁਤਾਬਕ ਇਲਾਜ ਤੇ ਡਾਕਟਰੀ ਸਲਾਹ ਜਰੂਰੀ ਹੈ ਅਤੇ ਘਰੇਲੂ ਔੜ-ਪੌੜ ਨਾ ਕਰੋ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਜਾਂ ਖਾਲਸਾ ਕਾਲਜ ਵੈਟਨਰੀ ਐਂਡ ਐਨੀਮਲ ਸਾਇੰਸਸ ਹਸਪਤਾਲ ’ਤੇ ਰਾਬਤਾ ਕਾਇਮ ਕਰਨ।

