ਪ੍ਰਸਿੱਧ ਪੱਤਰਕਾਰ ਰਿਸ਼ੀ ਨਾਗਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖਿਆ ਪ੍ਰਣਾਲੀ ਬਾਰੇ ਭਾਸ਼ਣ ਦਿੱਤਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੈਨੇਡਾ ਵਸਦੇ ਪ੍ਰਸਿੱਧ ਪੱਤਰਕਾਰ ਰਿਸ਼ੀ ਨਾਗਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦੂਰਵਰਤੀ ਵਿਭਾਗ ਵਿਖੇ ਇੱਕ ਵਿਸ਼ੇਸ਼ ਭਾਸ਼ਣ ਦੇਣ ਲਈ ਪੁੱਜੇ। ਭਾਰਤ ਅਤੇ ਕੈਨੇਡਾ ਦੀ ਸਿੱਖਿਆ ਪ੍ਰਣਾਲ਼ੀ ਵਿਚਲੇ ਫਰਕ ਦੇ ਵਿਸ਼ੇ ਨੂੰ ਅਧਾਰ ਬਣਾ ਕੇ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ। ਮੁੱਢਲੀ ਸਿੱਖਿਆ ਅਤੇ ਉਚੇਰੀ ਸਿੱਖਿਆ ਦੇ ਦੋਹਾਂ ਪੱਧਰਾਂ ਉੱਤੇ ਦੋਹਾਂ ਦੇਸਾਂ ਵਿੱਚ ਕਿਹੜੇ ਅੰਤਰ ਹਨ, ਇਸ ਬਾਰੇ ਉਨ੍ਹਾਂ ਅਮਲੀ ਪੱਧਰ ਦੀਆਂ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉੱਥੋਂ ਦੀ ਸਿੱਖਿਆ ਪ੍ਰਣਾਲੀ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਬੱਚੇ ਦਾ ਪੜ੍ਹਾਈ ਵਿੱਚ ਮਨ ਨਾ ਲੱਗਣ ਉੱਤੇ ਕਾਊਂਸਲਰ ਵੱਲੋਂ ਉਨ੍ਹਾਂ ਨਾਲ਼ ਗੱਲਬਾਤ ਕੀਤੀ ਜਾਂਦੀ ਹੈ। ਸਕੂਲਾਂ ਵਿੱਚ ਸਪੋਰਟਸ, ਲਾਇਬਰੇਰੀ ਅਤੇ ਜਿੰਮ ਦਾ ਵਿਸ਼ੇਸ਼ ਪ੍ਰਬੰਧ ਹੈ।
ਉਨ੍ਹਾਂ ਦੱਸਿਆ ਕਿ ਸਿਲੇਬਸ ਦੇ ਨਿਰਮਾਣ ਅਤੇ ਪੜ੍ਹਾਈ ਸਮੇਂ ਬੱਚਿਆਂ ਵਿੱਚ ਸਿਰਜਣਸ਼ੀਲਤਾ ਵਾਲ਼ੀਆਂ ਰੁਚੀਆਂ ਪੈਦਾ ਕਰਨ ਦੇ ਪੱਖ ਨੂੰ ਵਿਸ਼ੇਸ਼ ਤੌਰ ਉੱਤੇ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਦੇ ਉਲਟ ਭਾਰਤੀ ਸਿੱਖਿਆ ਪ੍ਰਣਾਲੀ ਉੱਪਰ ਤਨਜ਼ ਕਸਦਿਆਂ ਉਨ੍ਹਾਂ ਕਿਹਾ ਇੱਥੇ ਸਿਰਜਣਸ਼ੀਲਤਾ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅਜਿਹੀਆਂ ਸਭ ਗੱਲਾਂ ਦਾ ਖਿ਼ਆਲ ਰੱਖਣਾ ਜ਼ਰੂਰੀ ਹੈ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਜੇ ਕੈਨੇਡਾ ਵਿੱਚ 21 ਬਿਲੀਅਨ ਡਾਲਰ ਦੀ ਆਮਦਨੀ ਵਾਲੀ ਸਿੱਖਿਆ ਇੰਡਸਟਰੀ ਦੀ ਗੱਲ ਕੀਤੀ ਜਾਂਦੀ ਹੈ ਅਤੇ ਵਿਿਦਆਰਥੀ ਉੱਥੇ ਵੱਡੀ ਗਿਣਤੀ ਵਿੱਚ ਪੜ੍ਹਨ ਜਾ ਸਕਦੇ ਹਨ ਤਾਂ ਅਜਿਹਾ ਸਾਡੇ ਇੱਥੇ ਕਿਉਂ ਨਹੀਂ ਹੋ ਸਕਦਾ ਹੈ? ਉਨ੍ਹਾਂ ਕਿਹਾ ਪੰਜਾਬ ਵਿਚਲੇ ਵੱਖ-ਵੱਖ ਸਰੋਤਾਂ ਨੂੰ ਜੇ ਢੰਗ ਨਾਲ ਵਰਤਿਆ ਹੁੰਦਾ ਤਾਂ ਅਸੀਂ ਵੀ ਸੰਸਾਰ ਲਈ ਸਿੱਖਿਆ ਦਾ ਇੱਕ ਕੇਂਦਰ ਬਣ ਸਕਦੇ ਸੀ ਜਿੱਥੇ ਵੱਖ-ਵੱਖ ਦੇਸਾਂ ਤੋਂ ਵਿਿਦਆਰਥੀ ਆ ਸਕਦੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੇ ਗਏ ਪੰਜ ਸਾਲਾ ਇੰਟੀਗਰੇਟਿਡ ਕੋਰਸ ਵੀ ਵੱਖਰੀ ਭਾਂਤ ਦੇ ਕੋਰਸ ਹੀ ਹਨ ਜੋ ਕੌਮਾਂਤਰੀ ਮਿਆਰਾਂ ਉੱਤੇ ਖਰੇ ਉੱਤਰਦੇ ਹਨ। ਭਾਰਤ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਅਜਿਹੇ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨ ਲਈ ਪੰਜਾਬੀ ਯੂਨੀਵਰਸਿਟੀ ਇਸ ਲਈ ਇੱਕ ਬਹੁਤ ਢੁਕਵੀ ਥਾਂ ਹੈ ਕਿਉਂਕਿ ਇੱਥੇ ਕੋਰਸਾਂ ਦੀ ਵੰਨ-ਸੁਵੰਨਤਾ ਕਿਸੇ ਵੀ ਹੋਰ ਅਦਾਰੇ ਦੇ ਮੁਕਾਬਲੇ ਬਹੁਤ ਜਿ਼ਆਦਾ ਹੈ। ਅਜਿਹੀ ਵੰਨ-ਸੁਵੰਨਤਾ ਦਾ ਸਦਉਪਯੋਗ ਕਰਦਿਆਂ ਹੀ ਇਹ ਕੋਰਸ ਚਲਾਏ ਗਏ ਹਨ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ . ਏ . ਕੇ . ਤਿਵਾੜੀ ਅਤੇ ਦੂਰਵਰਤੀ ਸਿੱਖਿਆ ਵਿਭਾਗ ਦੇ ਮੁਖੀ ਡਾ . ਸਤਨਾਮ ਸਿੰਘ ਸੰਧੂ ਵੱਲੋਂ ਵੀ ਸੰਬੋਧਨ ਕੀਤਾ ਗਿਆ ਹੈ। ਪ੍ਰੋਗਰਾਮ ਦਾ ਸੰਚਾਲਨ ਡਾ . ਗੁਰਪ੍ਰੀਤ ਸਿੰਘ ਬਰਾੜ ਵੱਲੋਂ ਕੀਤਾ ਗਿਆ।

