ਪੰਜਾਬਪਟਿਆਲਾ

ਜਥੇਦਾਰ ਪੰਜੋਲੀ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਦਾ ਫੈਸਲਾ ਮੰਦਭਾਗਾ ਕਰਾਰ

ਦੋਫਾੜ ਕਰਨ ਵਾਲੀਆਂ ਚਾਲਾਂ ਚੱਲਣ ਵਾਲਿਆਂ ਨੂੰ ਸਿੱਖ ਕੌਮ ਮੁਆਫ ਨਹੀਂ ਕਰੇਗੀ : ਜਥੇਦਾਰ ਪੰਜੋਲੀ

ਫਤਹਿਗੜ੍ਹ ਸਾਹਿਬ 20 ਫਰਵਰੀ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਦੇ ਦਿੱਤੇ ਗਏ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਫੈਸਲਾ ਇਕ ਪਾਸੜ ਹੈ ਕਿਉਂਕਿ ਪੰਥ ਵਿਰੋਧੀ ਸ਼ਕਤੀਆਂ ਲੰਮ ਸਮੇਂ ਤੋਂ ਅਜਿਹੀਆਂ ਕੋਸਿਸ਼ਾਂ ਵਿਚ ਸਨ ਕਿਸੇ ਤਰੀਕੇ ਸਿੱਖ ਕੌਮ ਅੰਦਰ ਦੋਫਾੜ ਪੈਦਾ ਕੀਤਾ ਜਾਵੇ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕੋਰਟ ਦੇ ਇਸ ਫੈਸਲੇ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਸੱਟੀ ਵੱਜੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੱਖ ਕੌਮ ਨੂੰ ਦੋਫਾੜ ਕਰਨ ਅਤੇ ਧੜਿਆਂ ਵਿਚ ਵੰਡਣ ਦੇ ਨਾਲ ਨਾਲ ਕੰਮਜ਼ੋਰ ਕਰਨ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜਿਹੇ ਮਨਸੂਬੇ ਵਿਰੋਧੀ ਸ਼ਕਤੀਆਂ ਦੇ ਕਦੇ ਵੀ ਸਫਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਦੋਫਾੜ ਕਰਨ ਲਈ ਕਾਂਗਰਸ ਵੀ ਲੰਮੇ ਸਮੇਂ ਤੋਂ ਚਾਲਾਂ ਚੱਲਦੀ ਆ ਰਹੀ ਸੀ, ਪ੍ਰੰਤੂ ਹੁਣ ਭਾਜਪਾ ਪੱਖੀਆਂ ਦਾ ਚਿਹਰਾ ਵੀ ਬੇਨਕਾਬ ਹੋਣ ਲੱਗ ਪਿਆ ਹੈ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਵੱਜੋਂ ਸਮੁੱਚੀ ਮਾਨਵਤਾ ਕੋਲ ਗੁਰੂ ਸਾਹਿਬ ਦੇ ਫਲਸਫੇ ਨੂੰ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਅਤੇ ਧਰਮ ਦੇ ਪ੍ਰਚਾਰ ਪਸਾਰ ਵਿਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਫਲਸਫੇ ਸਮੁੱਚੀ ਮਾਨਵਤਾ ਨੂੰ ਜੋੜਨ ਅਤੇ ਸਰਬੱਤ ਦੇ ਭਲੇ ਲਈ ਹੈ, ਪ੍ਰੰਤੂ ਹੁਣ ਭਾਜਪਾ ਸਰਕਾਰ ਵੀ ਕਾਂਗਰਸ ਦੇ ਨਕਸ਼ੇ ਦੇ ਕਦਮਾਂ ’ਤੇ ਚੱਲਦੀ ਹੋਈ ਸਿੱਖਾਂ ਨੂੰ ਗਹਿਰੀ ਚੋਟ ਪਹੁੰਚਾ ਰਹੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਭਾਜਪਾ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਦੇ ਖਿਲਾਫ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਫੈਸਲੇ ’ਤੇ ਰੀਵਿਊ ਪਟੀਸ਼ਨ ਪਾਉਣ ਜਾ ਰਹੀ ਹੈ ਤਾਂ ਕਿ ਮਾੜੇ ਮਨਸੂਬੇ ਰੱਖਣ ਵਾਲੇ ਕਦੇ ਵੀ ਕਾਮਯਾਬ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਦੇਸ਼ ਵਿਚ ਘੱਟ ਗਿਣਤੀਆਂ ਖਿਲਾਫ਼ ਕੋਰਟ ਦੇ ਫੈਸਲੇ ਜਿਥੇ ਹੈਰਾਨੀਜਨਕ ਹਨ, ਉਥੇ ਹੀ ਸਰਕਾਰਾਂ ਦੇ ਸਿੱਧੇ ਰੂਪ ਵਿਚ ਦਖਲਅੰਦਾਜ਼ੀ ਨੂੰ ਵੀ ਦਰਸਾਉਂਦੇ ਹਨ। ਅਜਿਹੀਆਂ ਚਾਲਾਂ ਚੱਲਣ ਵਾਲਿਆਂ ਨੂੰ ਸਿੱਖ ਕੌਮ ਦੇ ਵੀ ਮੁਆਫ ਨਹੀਂ ਕਰੇਗੀ।

Leave a Reply

Your email address will not be published. Required fields are marked *