ਅੰਮ੍ਰਿਤਸਰਪੰਜਾਬ

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ’ਵਰਸਿਟੀ ਓਵਰ ਆਲ ਟਰਾਫ਼ੀ ’ਤੇ ਕੀਤਾ ਕਬਜ਼ਾ

ਕੌਂਸਲ ਦਾ ਇਹੀ ਯਤਨ’, ਵਿਦਿਆਰਥੀ ਹਰੇਕ ਗਤੀਵਿਧੀ ’ਚ ਨਿਪੁੰਨ ਹੋਵੇ : ਛੀਨਾ

ਲੜਕਿਆਂ ਨੇ 12800 ਪੁਆਇੰਟ ਨਾਲ ਓਵਰ ਆਲ ਅਤੇ ਲੜਕੀਆਂ ਨੇ 4500 ਨਾਲ ਤੀਜਾ ਸਥਾਨ ਹਾਸਲ ਕੀਤਾ : ਪ੍ਰਿੰ: ਡਾ. ਮਹਿਲ ਸਿੰਘ

ਅੰਮ੍ਰਿਤਸਰ, 20 ਸਤੰਬਰ (ਮਧੂਸਾਰ ਬਿਊਰੋ) ਇਤਿਹਾਸਕ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ’ਚ ਇੰਟਰ ਕਾਲਜ ਟੂਰਨਾਮੈਂਟ ’ਚ ਕੁਲ 48760 ਪੁਆਇੰਟ ਹਾਸਲ ਕਰਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਓਵਰ ਆਲ ਟਰਾਫ਼ੀ 2021-22 ’ਤੇ ਕਬਜ਼ਾ ਕੀਤਾ। ਇਸ ਮੁਕਾਬਲੇ ’ਚ ਲੜਕਿਆਂ ਨੇ 12800 ਪੁਆਇੰਟ ਨਾਲ ਓਵਰ ਆਲ ਚੈਂਪੀਅਨਸ਼ਿਪ ਜਿੱਤੀ। ਜਦ ਕਿ ਲੜਕੀਆਂ ਨੇ 4500 ਪੁਆਇੰਟ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੌਂਸਲ ਦਾ ਹਮੇਸ਼ਾ ਇਹੀ ਯਤਨ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਵਿੱਦਿਅਕ ਪੱਖੋਂ ਮਜ਼ਬੂਤ ਕਰਨ ਦੇ ਨਾਲ‐ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ’ਚ ਵੀ ਨਿਪੁੰਨ ਬਣਾਇਆ ਜਾ ਸਕੇ। ਇਸੇ ਮਕਸਦ ਤਹਿਤ ਵਿਦਿਆਰਥੀਆਂ ਨੂੰ ਅਜੋਕੇ ਯੁੱਗ ਦੇ ਹਾਣ ਦਾ ਬਣਾਉਣ ਲਈ ਲੋੜੀਂਦੀ ਹਰੇਕ ਪ੍ਰਕਾਰ ਦੀਆਂ ਆਧੁਨਿਕ ਤਕਨੀਕਾਂ ਨੂੰ ਅਪਨਾਇਆ ਜਾ ਰਿਹਾ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ’ਚ ਉਨ੍ਹਾਂ ਦਾ ਭਵਿੱਖ ਉਜਵਲ ਹੋ ਸਕੇ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਖਿਡਾਰੀ ਕਾਲਜ ਦੀ ਖੇਡਾਂ ’ਚ ਸ਼ਾਨਦਾਰ ਜਿੱਤਾਂ ਹਾਸਲ ਕਰਨ ਦੀ ਮੁੱਢ ਤੋਂ ਤੁਰੀ ਆ ਰਹੀ ਪ੍ਰੰਪਰਾ ਕਾਇਮ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਦੇ ਪੜ੍ਹਾਵਾਂ ’ਚੋਂ ਗੁਜਰਣ ਉਪਰੰਤ ਉਕਤ ਟਰਾਫ਼ੀ ਆਪਣੇ ਨਾਮ ਕੀਤੀ ਹੈ। ਉਨ੍ਹਾਂ ਕਿਹਾ ਕਿ 2021-22 ਸ਼ੈਸ਼ਨ ਦੌਰਾਨ ਕਾਲਜ ਨੇ 20 ਟੀਮਾਂ ’ਚ ਓਵਰ ਆਲ ਟਰਾਫ਼ੀ, 7 ਟੀਮਾਂ ’ਚ ਸੈਕਿੰਗ ਰਨਰਅੱਪ ਅਤੇ 3 ਟੀਮਾਂ ’ਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਟੀਮ ਨੇ 48760 ਪੁਆਇੰਟ ਹਾਸਲ ਕਰਕੇ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ। ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਆਪਣੇ ਖਿਡਾਰੀ ਵਿਦਿਆਰਥੀਆਂ ਨੂੰ ਉਹ ਹਰ ਸਹੂਲਤ ਮੁਹੱਈਆ ਕਰਵਾਉਂਦਾ ਹੈ, ਜੋ ਉਨ੍ਹਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਜਿੱਤ ਹਾਸਲ ਕਰਨ ਲਈ ਲੋੜੀਂਦੀਆਂ ਹਨ। ਉਨ੍ਹਾਂ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਕਾਲਜ ਦੇ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਭਾਗ ਦਾ ਸਮੁੱਚਾ ਸਟਾਫ਼ ਤੇ ਕੋਚ ਵਿਦਿਆਰਥੀਆਂ ਨੂੰ ਤਿਆਰ ਕਰਨ ’ਚ ਪੂਰਾ ਤਾਣ ਲਾ ਰਹੇ ਹਨ। ਉਨ੍ਹਾਂ ਕਿਹਾ ਕਾਲਜ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਜੇਤੂ ਪ੍ਰਦਰਸ਼ਨ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਕੁਲ ਅੰਕਾਂ ਦੇ ਆਧਾਰ ’ਤੇ ਦਿੱਤੀ ਜਾਣ ਵਾਲੀ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀ ਆਪਣੇ ਨਾਮ ਕੀਤੀ ਹੈ। ਇਸ ਟਰਾਫ਼ੀ ਲਈ ਅੰਕਾਂ ਦੇ ਮਾਮਲੇ ’ਚ ਬਾਕੀ ਸਾਰੇ ਕਾਲਜਾਂ ਤੋਂ ਬਹੁਤ ਜ਼ਿਆਦਾ ਅੱਗੇ ਰਿਹਾ। ਇਸ ਮੌਕੇ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ ਤੇ ਸ: ਛੀਨਾ ਅਤੇ ਪ੍ਰਿੰ: ਡਾ. ਮਹਿਲ ਸਿੰਘ ਵੱਲੋਂ ਮਿਲੇ ਹਰ ਤਰ੍ਹਾਂ ਦਾ ਸਹਿਯੋਗ ਦੇ ਸਿਰ ਬੰਨ੍ਹਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *