ਪੰਜਾਬਪਟਿਆਲਾ

ਝੂਠ ਬੋਲੇ ਕਊਆ ਕਾਟੇ : ‘ਕੱਟੜ ਇਮਾਨਦਾਰ ਸਰਕਾਰ’ ਨਿਗਮ ’ਚ ਪਈਆਂ ਫਾਈਲਾਂ ਨੂੰ ਲੱਗੇ ਪੈਰ…?

ਕਿਹਾ ਜਾਂਦਾ ਸ਼ਹਿਰ ਦੇ ਵਿਕਾਸ ਦੀ ਗੰਗਾ ‘ਨਗਰ ਨਿਗਮ’ ਦੇ ਅੰਦਰੋਂ ਨਿਕਲਦੀ ਹੈ। ਪਿਛਲੇ ਕਾਫੀ ਸਮੇਂ ਤੋਂ ‘ਨਗਰ ਨਿਗਮ’ ਦੇ ਅੰਦਰ ਜੋ ਕੁਝ ਚੱਲ ਰਿਹਾ ਹੈ, ਜੋ ਕੁਝ ਵਾਪਰ ਰਿਹਾ ਹੈ ਲੱਗਦਾ ਨਹੀਂ ‘ਨਗਰ ਨਿਗਮ’ ਪਟਿਆਲਾ ਦਾ ਕੋਈ ਸਾਂਈ ਹੋਵੇ। ਕਿਉਂਕਿ ਸਰਕਾਰ ‘ਕੱਟੜ ਇਮਾਨਦਾਰ’ ਵਿਅਕਤੀਆਂ ਦੀ ਆ ਗਈ ਹੈ। ਦੂਜੇ ਪਾਸੇ ‘ਮੇਅਰ’ ਪੀਐਲਸੀ ਗੱਠਜੋੜ ਬਨਾਮ ‘ਭਾਜਪਾ’ ਦਾ ਹੈ ਅਤੇ ‘ਕਮਿਸ਼ਨਰ’ ਸਰਕਾਰ ਦਾ ਹੈ। ਨਗਰ ਨਿਗਮ ਅਧੀਨ ਆਉਂਦੀਆਂ ਬਿਲਡਿੰਗਾਂ ਦੀ ਉਸਾਰੀ, ਡਿਵੈਲਪਮੈਂਟ ਅਤੇ ਨਵ ਨਿਰਮਾਣ ਵਾਲੇ ਕੰਮਾਂ ਦੀ ਨਿਗਰਾਨੀ ਆਖਰ ਹੁਣ ਕੌਣ ਕਰਦਾ ਹੈ..?

ਹਾਕਮ ਧਿਰ ਵਾਲੇ ਆਖਦੇ ਨੇ ਨਗਰ ਨਿਗਮ ’ਚ ਘੋਟਾਲੇ ਹੋਏ ਹਨ। ਮੇਅਰ ਆਖਦਾ ਹਾਊਸ ਨੇ ਕੰਮ ਪਾਰਦਰਸ਼ਤਾ ਨਾਲ ਕੀਤੇ ਹਨ ਫੇਰ ਜੇ ਨਗਰ ਨਿਗਮ ਵਿਚ ਏਨਾ ਕੁਝ ਪਾਰਦਰਸ਼ਤਾ ਨਾਲ ਹੈ ਤਾਂ ‘ਦੁੱਧ ਧੋਤਾ’ ਕੌਣ ਹੋਇਆ..? ਕੱਟੜ ਸਰਕਾਰ ’ਚ ‘ਕੱਟੜ ਮੇਅਰ’ ਦੇ ਕਾਰਜਕਾਲ ਦੌਰਾਨ ‘ਵਿਕਾਸ ਦੀ ਗੰਗਾ’ ਲੱਗਦਾ ਕਿੱਧਰੇ ਹੋਰ ਹੀ ਵਹਿਣ ਲੱਗ ਪਈ ਹੈ। ਨਗਰ ਨਿਗਮ ਅੰਦਰ ਇਕ ਵਾਰ ਫੇਰ ਖਰੀਦੋ-ਫਰੋਖਤ ਦੀ ਚਰਚਾ ਹੈ ਕਿਉਂਕਿ ਫਾਇਲਾਂ ‘ਇਧਰ-ਉਧਰ’ ਚੱਲ ਰਹੀਆਂ ਹਨ ‘ਫਾਇਲਾਂ’ ਨੂੰ ਪੈਰ ਲੱਗ ਚੁੱਕੇ ਹਨ, ਫਾਇਲਾਂ ਦਾ ਭਾਰ ਵੱਧ ਗਿਆ ‘ਫਾਇਲਾਂ’ ਨੂੰ ਚਲਾਉਣ ਵਾਲੇ ਹੱਥ ਕੁਝ ‘ਨਿਗਮ ਅਧਿਕਾਰੀਆਂ’ ਦੇ ਹਨ ਅਤੇ ਕੁਝ ਬਾਹਰਲੇ ਵਿਅਕਤੀ ‘ਫਾਇਲਾਂ’ ਨੂੰ ਇਧਰ-ਉਧਰ ਕਰਨ ਦੀ ਖੱਟੀ ਖੱਟ ਰਹੇ ਹਨ। ਨਗਰ ਨਿਗਮ ਦਾ ਕੰਮਕਾਜ ਅਜੇ ਪੂਰੀ ਤਰ੍ਹਾਂ ‘ਕੱਟੜ ਸਰਕਾਰ’ ਦੇ ਹੱਥ ਨਹੀਂ ਹੈ। ‘ਮੇਅਰ’ ਅੱਗੇ ਸਰਕਾਰ ਬੇਵੱਸ ਹੈ ਅਤੇ ਕੱਟੜ ਸਰਕਾਰ ‘ਮੇਅਰ ਨੂੰ ‘ਮੇਅਰ’ ਹੀ ਨਹੀਂ ਮੰਨਦੀ। ਫੇਰ ਨਿਗਮ ਅੰਦਰ ਕਿਸ ਦੇ ਇਸ਼ਾਰੇ ’ਤੇ ਕੌਣ ਕੰਮ ਕਰਵਾ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਕੱਟੜ ਸਰਕਾਰ ਦੇ ਬਹੁਤ ਸਾਰੇ ਵਿਅਕਤੀ ਅੰਦਰੋਂ ਅੰਦਰ ਆਪਣੇ ਆਪ ਨੂੰ ‘ਮੇਅਰ’ ਅਤੇ ਕੌਂਸਲਰ ਮੰਨੀ ਬੈਠੇ ਹਨ, ਪ੍ਰੰਤੂ ਨਿਗਮ ਚੋਣਾਂ ਤੋਂ ਪਹਿਲਾਂ ਬਿੱਲੀ ਥੈਲਿਉਂ ਬਾਹਰ ਨਹੀਂ ਆ ਸਕਦੀ। ਨਿਗਮ ’ਤੇ ਕਾਬਜ਼ ਹੋਣਾ ਭਾਵੇਂ ਰਸਮੀ ਪ੍ਰਕਿਰਿਆ ਹੀ ਬਾਕੀ ਹੈ, ਪ੍ਰੰਤੂ ਲਗਭਗ ‘ਕੱਟੜ ਸਰਕਾਰ’ ਦੇ ਇਮਾਨਦਾਰ ਵਿਅਕਤੀ ‘ਰਸੂਖਦਾਰਾਂ’ ਨਾਲ ਮਿਲਕੇ ਨਿਗਮ ਅੰਦਰ ਆਪਣੀ ਪੂਰੀ ਚਲਾ ਰਹੇ ਹਨ। ਕਮਿਸ਼ਨਰ ਰਾਹੀਂ ਪਾਵਰ ਵਰਤਕੇ ‘ਅਧਿਕਾਰੀਆਂ’ ਦੀਆਂ ਕੁਰਸੀਆਂ ਬਦਲੀਆਂ ਜਾਣ ਲੱਗ ਪਈਆਂ ਹਨ ਜਾਂ ਇਹ ਕਹਿ ਲਵੋ ਕਿ ਕੁਰਸੀਆਂ ’ਤੇ ਬੈਠਣ ਵਾਲੇ ‘ਇਧਰ-ਉਧਰ ਕੀਤੇ ਜਾਣ ਲੱਗ ਪਏ ਹਨ। ਨਗਰ ਨਿਗਮ ਅੰਦਰ ‘ਭਾਟੀਆ’ ਅਤੇ ‘ਪੁਰੀ’ ਦੀ ਬਦਲੀ ਗਈ ‘ਕੁਰਸੀ’ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ‘ਕੱਟੜ ਸਰਕਾਰ’ ਦੇ ਇਮਾਨਦਾਰ ਵਿਅਕਤੀ ਹੁਣ ਤੋਂ ‘ਰਸੂਖ’ ਦੀ ਵਰਤੋਂ ਕਰਨ ਲੱਗ ਪਏ ਹਨ। ਸੂਤਰਾਂ ਦੇ ਹਵਾਲੇ ਨਾਲ ਸ਼ਹਿਰ ਵਿਚ ਹੋਣ ਵਾਲੀਆਂ ਰਜਿਸਟਰੀਆਂ ਨੇ ਅਧਿਕਾਰੀਆਂ ‘ਪੁਰੀ’ ਰਾਹੀਂ ਬਹੁਤ ਸਪੀਡ ਫੜ ਲਈ ਹੈ। ਇਹ ਵੀ ਖ਼ਬਰ ਉਡ ਰਹੀ ਹੈ ਕਿ ‘ਪੁਰੀ’ ਨਾਲ ‘ਕੱਟੜ ਇਮਾਨਦਾਰ’ ਵਿਅਕਤੀ ਸੰਪਰਕ ਵਿਚ ਹੈ, ਜੋ ਨਿਗਮ ’ਚੋਂ ਵਹਿੰਦੀ ‘ਵਿਕਾਸ’ ਦੀ ਗੰਗਾ ਨੂੰ ਕਿੱਧਰੇ ਹੋਰ ਲਿਜਾਣਾ ਚਾਹੁੰਦਾ ਹੈ..?

Leave a Reply

Your email address will not be published. Required fields are marked *