ਪਟਿਆਲਾ

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ

ਨਵੀਂ ਬਣੀ ਇਮਾਰਤ ਦਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਕਰਨਗੇ ਉਦਘਾਟਨ
ਪਟਿਆਲਾ 14 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਸਿੱਖਇਜ਼ਮ ਬਹਾਦਰਗੜ੍ਹ (ਪਟਿਆਲਾ) ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਇਆ ਗਿਆ।

ਜਿਸ ਦੇ ਭੋਗ 16 ਫਰਵਰੀ ਨੂੰ ਪਾਏ ਜਾਣਗੇ ਇਸ ਮੌਕੇ ਸੰਸਥਾ ਵਿਚ ਗੁਰਮਤਿ ਦੀ ਜਾਣਕਾਰੀ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਗੁਰਮਤਿ ਦੀ ਸਿਖਲਾਈ ਕੈਂਪ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਪਹੁੰਚ ਰਹੇ ਹਨ। ਮੁਲਾਜਮਾਂ ਦੀ ਸਖਸੀਅਤ ਵਿਚ ਹੋਰ ਨਿਖਾਰ ਲਿਆਉਣ ਲਈ ਰਿਫਰੈਸਰ ਕੋਰਸ ਕਰਵਾਇਆ ਜਾ ਰਿਹਾ ਹੈ। ਇਕ ਮਹੀਨੇ ਦੇ ਅਰਸੇ ਵਿਚ ਮੁਲਾਜਮਾਂ ਨੂੰ ਸ਼ੁੱਧ ਗੁਰਬਾਣੀ ਉਚਾਰਣ, ਪਹਿਰਾਵੇ, ਬੋਲ-ਚਾਲ, ਗੁਰੂ ਘਰ ਦੇ ਪ੍ਰਬੰਧ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖਇਜ਼ਮ ਬਹਾਦਰਗੜ੍ਹ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਅਧੁਨਿਕ ਸਮੇਂ ਦਾ ਹਾਣੀ ਬਣਾਈ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਵਿਸੇਸ਼ ਮੀਟਿੰਗ ਸਿੱਖ ਮਿਸ਼ਨਾਂ ਨਾਲ ਬਾਅਦ ਦੁਪਹਿਰ ਕੀਤੀ ਜਾਵੇਗੀ। ਜਿਸ ਵਿਚ ਦੇਸ਼-ਵਿਦੇਸ਼ ਦੇ ਸਿੱਖ ਮਿਸ਼ਨਾਂ ਦੇ ਇੰਚਾਰਜ ਅਤੇ ਪ੍ਰਬੰਧਕ ਹਿੱਸਾ ਲੈਣਗੇ। ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ, ਗਿਆਨੀ ਪ੍ਰਨਾਮ ਸਿੰਘ ਹੈੱਡ ਗ੍ਰੰਥੀ, ਡਾ. ਗੁਰਵੀਰ ਸਿੰਘ ਡਾਇਰੈਕਟਰ, ਡਾ. ਬਲਕਾਰ ਸਿੰਘ ਡਾਇਰੈਕਟਰ, ਡਾ. ਚਮਕੌਰ ਸਿੰਘ ਅਸਿਸਟੈਂਟ ਡਾਇਰੈਕਟਰ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਬੀਬੀ ਬਲਜੀਤ ਕੌਰ, ਬੀਬੀ ਪ੍ਰਭਜੋਤ ਕੌਰ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *