ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸ਼ਹੀਦ ਸ. ਭਗਤ ਸਿੰਘ ਦੇ ਜਨਮ ਮੌਕੇ ’ਤੇ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਨ ਦੇ ਵਿਸ਼ੇਸ਼ ਮੌਕੇ ’ਤੇ ਅੱਜ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਨ.ਸੀ.ਸੀ. ਏਅਰ ਵਿੰਗ ਦੇ ਇੰਚਾਰਜ ਪ੍ਰੋ. ਬਲਦੇਵ ਸਿੰਘ ਦੀ ਰਹਿਨੁਮਾਈ ਵਿੱਚ ਵਿਦਿਆਰਥੀਆਂ ਵੱਲੋਂ ਸਾਈਕਲ ਰੈਲੀ ਕੱਢੀ ਗਈ ਜੋ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਮਾਪਤ ਹੋਈ। ਇਸ ਤੋਂ ਬਾਅਦ ਸਮੁੱਚੇ ਵਿਭਾਗਾਂ ਦੀ ਸ਼ਮੂਲੀਅਤ ਨਾਲ ਭਾਈ ਨੰਦ ਲਾਲ ਆਡੀਟੋਰੀਅਮ ਵਿਖੇ ਸਿੰਪੋਜ਼ੀਅਮ ਅਤੇ ਸ਼ਹੀਦ ਸ. ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਦਵਿੰਦਰ ਦਮਨ ਦੇ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਪੇਸ਼ਕਾਰੀ ਕੀਤੀ ਗਈ।

ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਹੀ ਸੰਜੀਦਾ ਹੋ ਕੇ ਕਾਰਜ ਕਰਨ ਦੀ ਲੋੜ ਹੈ। ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਸਾਨੂੰ ਆਪਣੇ ਸ਼ਹੀਦਾਂ ਨੂੰ ਆਦਰਸ਼ ਵਜੋਂ ਸਾਹਮਣੇ ਰੱਖਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਪ੍ਰਕਾਰ ਸ਼ਹੀਦ ਸ. ਭਗਤ ਸਿੰਘ ਨੇ ਆਪਣੇ ਨਿੱਕੇ ਜਿਹੇ ਜੀਵਨ ਕਾਲ ਵਿੱਚ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਪੜ੍ਹੀਆਂ ਸਨ। ਉਸੇ ਪ੍ਰਕਾਰ ਵਿਦਿਆਰਥੀਆਂ ਨੂੰ ਵੀ ਕਿਤਾਬਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਅਤੇ ਸਮਾਜ ਨੂੰ ਬਿਹਤਰੀਨ ਬਣਾ ਸਕੀਏ।

ਪ੍ਰੋ. ਹਰਮਨਪ੍ਰੀਤ ਸਿੰਘ ਰਾਜਨੀਤਿਕ ਵਿਗਿਆਨ ਵਿਭਾਗ  ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸ. ਭਗਤ ਸਿੰਘ  ਦਾ ਸੁਪਨਾ ਕੇਵਲ ਭਾਰਤ ਦੀ ਸੱਤਾ ਦਾ ਪਰਿਵਰਤਨ ਨਹੀਂ ਸੀ ਬਲਕਿ ਅਸਲ ਅਰਥਾਂ ਵਿਚ ਭਾਰਤ ਦੇ ਲੋਕਾਂ ਨੂੰ ਗੁਲਾਮੀ ਤੋਂ ਨਿਜਾਤ ਦਿਵਾਉਣਾ ਸੀ।

ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਦੇ ਵਿਦਿਆਰਥੀ ਸੋਹੇਲ ਖਾਨ ਅਤੇ ਅਰਸ਼ ਅਲੀ ਵੱਲੋਂ ਇਸ ਵੇਲੇ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਗੀਤ ਦੀ ਪੇਸ਼ਕਾਰੀ ਕੀਤੀ ਗਈ।

ਕਾਲਜ ਦੇ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪ੍ਰੋ ਵੰਦਨਾ ਕਪੂਰ ਦੀ ਰਹਿਨੁਮਾਈ ਵਿਚ ਸ਼ਹੀਦ ਸ. ਭਗਤ ਸਿੰਘ ਦੇ ਆਖ਼ਰੀ ਪਲਾਂ ’ਤੇ ਆਧਾਰਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ ਜਿਸ ਨੇ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲਾ ਦਿੱਤੇ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਦਵਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਪ੍ਰੋ. ਹਰਪ੍ਰੀਤ ਕੌਰ ਪ੍ਰੋ. ਪਰਮਪ੍ਰੀਤ ਕੌਰ ਡਾ. ਜਗਤਾਰ ਸਿੰਘ, ਪ੍ਰੋ ਕੁਲਦੀਪ ਸਿੰਘ, ਪ੍ਰੋ ਪੁਨੀਤ ਕੌਰ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਹਾਜ਼ਰ ਸਨ।

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਇਸ ਮੌਕੇ ਵੱਖਰੇ ਤੌਰ ’ਤੇ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਕਵਿਤਾ ਲੇਖਣ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ 15 ਦੇ ਕਰੀਬ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਪਹਿਲੇ ਦੂਜੇ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।     

Leave a Reply

Your email address will not be published. Required fields are marked *