ਅੰਮ੍ਰਿਤਸਰ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 2 ਅਕਤੂਬਰ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਸਬੰਧੀ ਨਵੇਂ ਦਾਖਲਿਆਂ ਲਈ ਚੱਲ ਰਹੇ ਓਰੀਐਂਟੇਸ਼ਨ ਪ੍ਰੋਗਰਾਮ ‘ਆਈ. ਬੀ. ਟੀ. ਆਈ. ਡੀ. ਏ.-2022’ ਮੌਕੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਕਿ ਇਸ ਇੰਟਰਐਕਟਿਵ ਸੈਸ਼ਨ ਦਾ ਮਨੋਰਥ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਬਾਰੇ ਮੁੱਢਲੇ ਨੁਕਤਿਆਂ ਬਾਰੇ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਇਕ ਵਿਅਕਤੀ ਵਧੇਰੇ ਸੁਤੰਤਰ ਹੁੰਦਾ ਹੈ, ਉਹ ਵਧੇਰੇ ਜੋਖਮ ’ਚ ਪੈਂਦਾ ਹੈ, ਜਿਸ ਲਈ ਇਨ੍ਹਾਂ ਨੌਜਵਾਨਾਂ ਨੂੰ ਸੇਧ ਦੇਣਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਕਾਲਜ ’ਚ ਦਾਖਲ ਹੁੰਦੇ ਹਨ, ਉਹ ਜ਼ਿੰਦਗੀ ਦੇ ਨਵੇਂ ਪੜਾਅ ’ਚ ਦਾਖਲ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਹਰੇਕ ਪਹਿਲੂ ’ਚ ਅਨੁਸ਼ਾਸਨ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਸੜਕ ਸੁਰੱਖਿਆ ਇਕ ਪ੍ਰਮੁੱਖ ਪਹਿਲੂ ਹੈ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਅਧਿਕਾਰੀ ਐਸ.ਆਈ ਸ: ਹਰਭਜਨ ਸਿੰਘ (ਇੰਚਾਰਜ), ਟ੍ਰੈਫਿਕ ਇੰਸਟਰਕਟਰ ਅਤੇ ਕੋਆਰਡੀਨੇਟਰ ਏ.ਐਸ.ਆਈ. ਸ: ਅਰਵਿੰਦਰ ਸਿੰਘ, ਮੈਂਬਰ ਐਚ. ਸੀ. ਸ. ਸਤਵੰਤ ਸਿੰਘ ਅਤੇ ਐਚ. ਸੀ. ਸ੍ਰੀ ਰਾਜੇਸ਼ ਕੁਮਾਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।

ਉਨ੍ਹਾਂ ਵਿਦਿਆਰਥੀਆਂ ਨਾਲ ਤੱਥਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ’ਚ ਨਾਗਰਿਕ ਆਵਾਜਾਈ ਨਿਯਮਾਂ ਬਾਰੇ ਜਾਣੂ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਾਲਣਾ ਨਹੀਂ ਕਰਦੇ ਅਤੇ ਇਸ ਲਈ ਸੜਕਾਂ ’ਤੇ ਦੁਰਘਟਨਾਵਾਂ ਪ੍ਰਤੀ ਮਿੰਟ ਇਕ ਦੁਰਘਟਨਾ ਅਤੇ ਹਰ ਚਾਰ ਮਿੰਟ ’ਤੇ ਇਕ ਮੌਤ ਹੈ। ਉਨ੍ਹਾਂ ਕਿਹਾ ਕਿ ਹਰੇਕ ਨੂੰ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਸੜਕ ਸੁਰੱਖਿਆ ਨਾਲ ਸਬੰਧਿਤ ਸਹੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਨਾ ਸਿਰਫ਼ ਖ਼ੁਦ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਸਗੋਂ ਦੂਜਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕਿਸੇ ਦੇਸ਼ ਦੀ ਕਾਨੂੰਨ ਵਿਵਸਥਾ ਦਾ ਮੁੱਖ ਹਿੱਸਾ ਹੈ। ਇਕ ਪੜ੍ਹੇ-ਲਿਖੇ ਨਾਗਰਿਕ ਹੋਣਾ ਹੀ ਕਾਫੀ ਨਹੀਂ ਹੈ, ਸਗੋਂ ਸੜਕ ਸੁਰੱਖਿਆ ਨਾਲ ਜੁੜੇ ਇਨ੍ਹਾਂ ਸੁਝਾਵਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਡਰਾਈਵਿੰਗ ਲਾਇਸੈਂਸ ਨਿਯਮਾਂ, ਡਰਾਈਵਿੰਗ ਦੌਰਾਨ ਲੋੜੀਂਦੇ ਟ੍ਰੈਫਿਕ ਸੰਵੇਦਨਸ਼ੀਲਤਾ ਸਬੰਧੀ ਦਸਤਾਵੇਜ਼ਾਂ ਆਦਿ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਡਰਾਈਵਿੰਗ ਦੌਰਾਨ ਉੱਚੀ ਆਵਾਜ਼ ’ਚ ਮੋਬਾਈਲ ਫੋਨ ਦੀ ਵਰਤੋਂ ਕਰਨਾ ਸੜਕ ’ਤੇ ਹਾਦਸਿਆਂ ਦਾ ਇਕ ਵੱਡਾ ਕਾਰਨ ਹੈ। ਜਦੋਂ ਕਿ ਵਿਅਕਤੀ ਨੂੰ ਸਬਰ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਸੜਕ ’ਤੇ ਜਾਂਦੇ ਸਮੇਂ ਮਾੜੇ ਅਭਿਆਸਾਂ ਨੂੰ ਤਿਆਗਣਾ ਚਾਹੀਦਾ ਹੈ। ਇਸ ਮੌਕੇ ਸਟੂਡੈਂਟ ਵੈਲਫ਼ੇਅਰ ਦੇ ਡਿਪਟੀ ਡੀਨ ਇੰਜ਼. ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪੁੱਜੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *