ਅੰਤਰ ਧਾਰਮਿਕ ਸਮਝ ਵਿਸ਼ੇ ਉੱਤੇ ਰਾਸ਼ਟਰੀ ਕਾਨਫਰੰਸ 10 ਅਕਤੂਬਰ ਤੋਂ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਇੰਸਟੀਚੂਟ ਆਫ਼ ਓਬਜ਼ੈਕਟਿਵ ਸਟੱਡੀਜ਼, ਨਵੀਂ ਦਿੱਲੀ ਦੇ ਸਹਿਯੋਗ ਨਾਲ ਮਿਤੀ 10 ਅਤੇ 11 ਅਕਤੂਬਰ 2022 ਨੂੰ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ”ਸਮਾਨਤਾ ਅਤੇ ਭਾਈਚਾਰੇ ਦੇ ਉਸਾਰੂ ਟੀਚਿਆਂ ਲਈ ਅੰਤਰ ਧਾਰਮਿਕ ਸਮਝ ਅਤੇ ਪ੍ਰੋਗਰਾਮਿੰਗ” ਵਿਸ਼ੇ ਉੱਤੇ ਕਰਵਾਈ ਜਾ ਰਹੀ ਇਹ ਕਾਨਫਰੰਸ ਪੰਜਾਬੀ ਯੂਨੀਵਰਸਿਟੀ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਦੇ ਤਕਨੀਕੀ ਸਹਿਯੋਗ ਨਾਲ ਮਿਤੀ 10 ਅਕਤੂਬਰ ਨੂੰ ਸਵੇਰੇ 10:30 ਵਜੇ ਸੈਨੇਟ ਹਾਲ ਵਿਖੇ ਸ਼ੁਰੂ ਹੋਵੇਗੀ। ਇਹ ਪ੍ਰੋਗਰਾਮ ਆਨ-ਲਾਇਨ ਅਤੇ ਔਫ ਲਾਇਨ ਦੋਵੇਂ ਮੋਡ ਵਿੱਚ ਹੋਵੇਗਾ।ਇਸ ਕਾਨਫ਼ਰੰਸ ਦਾ ਉਦਘਾਟਨ ਪ੍ਰੋਫ਼ੈਸਰ ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ ਜਿਸ ਵਿੱਚ ਮੁੱਖ ਭਾਸ਼ਣ ਕਾਨਫਰੰਸ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਹਰਮੋਹਿੰਦਰ ਸਿੰਘ ਬੇਦੀ (ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼)ਦੇਣਗੇ। ਉਦਘਾਟਨੀ ਸੈਸ਼ਨ ਵਿੱਚ ਆਉਣ ਵਾਲੇ ਮਹਿਮਾਨਾਂ ਵਿੱਚ ਮੌਲਾਨਾ ਅਨੀਸ
ਉਰ-ਰਹਿਮਾਨ ਕਾਸਮੀ, ਮੈਂਬਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ, ਪਟਨਾ, ਸਵਾਮੀ ਚਿਦਾ ਨੰਦ ਸਰਸਵਤੀ, ਪ੍ਰਧਾਨ ਅਤੇ ਅਧਿਆਤਮਿਕ ਮੁਖੀ, ਪ੍ਰਮਾਰਥ ਨਿਕੇਤਨ ਆਸ਼ਰਮ, ਰਿਸ਼ੀਕੇਸ਼, ਭਾਈ ਅਸ਼ੋਕ ਸਿੰਘ ਬਾਗੜੀਆਂ, ਸਾਬਕਾ ਪ੍ਰਧਾਨ ਅਤੇ ਸੰਸਥਾਪਕ ਮੈਂਬਰ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਚੰਡੀਗੜ, ਡਾ. ਜੌਹਨ ਦਿਆਲ, ਸਕੱਤਰ ਜਨਰਲ, ਆਲ ਇੰਡੀਆ ਕ੍ਰਿਸਚੀਅਨ ਕੌਂਸਲ, ਮੈਂਬਰ ਰਾਸ਼ਟਰੀ ਏਕਤਾ ਕੌਂਸਲ, ਦਿੱਲੀ, ਡਾ. ਪ੍ਰਮੋਦ ਕੁਮਾਰ ਦਾਸ, ਮੁਖੀ ਫਿਲੋਸਫੀ ਨਿਆਗੜ੍ਹ ਆਟੋਨੋਮਸ ਉਤਕਲ ਯੂਨੀਵਰਸਿਟੀ, ਉੜੀਸਾ ਸ਼ਾਮਿਲ ਹੋਣਗੇ। ਉਦਘਾਟਨੀ ਸ਼ੈਸ਼ਨ ਦੀ ਪ੍ਰਧਾਨਗੀ ਪ੍ਰੋ. ਸਈਅਦ ਜਮਾਲ-ਉਦ-ਦੀਨ ਡਾਇਰੈਕਟਰ ਆਈ.ਓ.ਐਸ. ਸੈਂਟਰ ਫਾਰ ਹਿਸਟੋਰੀਕਲ ਐਂਡ ਵਲਾਈਜ਼ੇਸ਼ਨਲ ਸਟੱਡੀਜ਼, ਅਲੀਗੜ੍ਹ ਕਰਨਗੇ, ਜਦਕਿ ਧੰਨਵਾਦੀ ਸ਼ਬਦ ਪ੍ਰੋ. ਹਰਵਿੰਦਰ ਕੌਰ, ਡੀਨ ਸਮਾਜਿਕ ਵਿਗਿਆਨ, ਫੈਕਲਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੇਸ਼ ਕੀਤੇ ਜਾਣਗੇ। ਇਹ ਕਾਨਫਰੰਸ ਵੱਖ ਵੱਖ ਵਿਸ਼ਿਆਂ ਨਾਲ ਸਬੰਧ ਰੱਖਦੀ ਹੈ। ਇਸ ਵਿੱਚ ਸ਼ਾਂਤੀ, ਧਰਮ, ਗਾਂਧੀ ਅਤੇ ਅਹਿੰਸਾ, ਅੰਤਰ ਧਾਰਮਿਕ ਸਮਝ, ਭਾਰਤੀ ਸਵਿਧਾਨ, ਸਮਾਜਿਕ ਤਬਦੀਲੀ ਅਤੇ ਮਨੁੱਖੀ ਸਮਾਨਤਾ ਆਦਿ ਵਿਸ਼ਿਆਂ ਉੱਤੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਕਾਨਫਰੰਸ ਵਿੱਚ ਵੱਖ-ਵੱਖ ਧਰਮਾਂ ਦੇ ਵਿਦਵਾਨ ਅਤੇ ਪ੍ਰੋਫੈਸਰ ਸਾਹਿਬਾਨ ਆਪਣੇ ਖੋਜ ਪੱਤਰ ਵੀ ਪੜ੍ਹਣਗੇ।

