ਅਰੁਣਜੀਤ ਸਿੰਘ ਮਿਗਲਾਨੀ ਨੇ ਪਟਿਆਲਾ ਦੇ ਨਵੇਂ ਡਵੀਜ਼ਨਲ ਕਮਿਸ਼ਨਰ ਵੱਜੋਂ ਅਹੁਦਾ ਸੰਭਾਲਿਆ
ਪਟਿਆਲਾ, 30 ਜੂਨ (ਮਧੂਸਾਰ ਬਿਊਰੋ) 2000 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣਜੀਤ ਸਿੰਘ ਮਿਗਲਾਨੀ ਨੇ ਅੱਜ ਪਟਿਆਲਾ ਦੇ ਨਵੇਂ ਡਵੀਜ਼ਨਲ ਕਮਿਸ਼ਨਰ ਦਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਪਟਿਆਲਾ ਡਵੀਜ਼ਨ ਵਿੱਚ ਪੈਂਦੇ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਸਾਫ ਸੁਥਰੀਆਂ ਤੇ ਸਮਾਬੱਧ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸ਼੍ਰੀ ਮਿਗਲਾਨੀ ਜੋ ਇਸ ਤੋਂ ਪਹਿਲਾਂ ਸਕੱਤਰ ਸਾਇੰਸ ਐਂਡ ਟੈਕਨਾਲੋਜੀ ਤੇ ਇਨਵਾਈਰਮੈਂਟ, ਰਜਿਸਟਰਾਰ ਸਹਿਕਾਰਤਾ ਵਿਭਾਗ, ਮੁੱਖ ਪ੍ਰਸ਼ਾਸ਼ਕ ਪੁੱਡਾ, ਸਕੱਤਰ ਮੰਡੀ ਬੋਰਡ ਤੇ ਡਿਪਟੀ ਕਮਿਸ਼ਨਰ ਰੂਪ ਨਗਰ ਵਰਗੇ ਅਹਿਮ ਅਹੁਦਿਆਂ ‘ਤੇ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ, ਨੇ ਕਿਹਾ ਕਿ ਉਹਨਾਂ ਦੀ ਤਰਜ਼ੀਹ ਹੋਵੇਗੀ ਕਿ ਲੋਕਾਂ ਨੂੰ ਦਫ਼ਤਰਾਂ ਵਿੱਚ ਪੂਰਾ ਮਾਣ ਸਤਿਕਾਰ ਮਿਲੇ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਕੰਮ ਮੈਰਿਟ ਦੇ ਆਧਾਰ ‘ਤੇ ਹੋਣਗੇ।
ਸ਼੍ਰੀ ਮਿਗਲਾਨੀ ਨੂੰ ਪਹਿਲਾਂ ਮਿੰਨੀ ਸਕੱਤਰੇਤ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ: ਐਸ. ਭੂਪਤੀ, ਏ.ਡੀ.ਸੀ. ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਏ.ਡੀ.ਸੀ. ਵਿਕਾਸ ਸ਼੍ਰੀ ਸੌਕਤ ਅਹਿਮਦ ਪਰੇ, ਡਵੀਜ਼ਨਲ ਕਮਿਸ਼ਨਰ ਦੇ ਓ.ਐਸ.ਡੀ. ਸ਼੍ਰੀ ਟੀ.ਕੇ. ਗੋਇਲ, ਸਹਾਇਕ ਕਮਿਸ਼ਨਰ ਸ: ਸੂਬਾ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀਮਤੀ ਸੁਰਿੰਦਰਜੀਤ ਕੌਰ, ਐਸ.ਪੀ.ਸਿਟੀ ਸ਼੍ਰੀ ਕੇਸਰ ਸਿੰਘ ਤੇ ਹੋਰ ਕਈ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

