ਸ੍ਰੀ ਅਕਾਲ ਤਖ਼ਤ ਸਾਹਿਬ ਵਲ ਨੂੰ ਰੋਸ ਮਾਰਚ ਕਰਨ ਦੀ ਨਵੀਂ ਤੇ ਗ਼ਲਤ ਪਿਰਤ ਪਾਈ ਗਈ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਅੰਮ੍ਰਿਤਸਰ 7 ਅਕਤੂਬਰ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਤਿਹਾਸ ’ਚ ਬਾਦਲਕੇ ਅਕਾਲੀਏ ਪੰਥ ਦੀਆਂ ਸ਼ਾਨਦਾਰ ਰਵਾਇਤਾਂ ’ਚ ਗ਼ਲਤ ਪਿਰਤਾਂ ਪਾਉਣ ਲਾਈ ਜਾਣਿਆ ਜਾਵੇਗਾ। ਜਿਸ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਨੂੰ ਰੋਸ ਮਾਰਚ ਕਰਨ ਦੀ ਨਵੀਂ ਪਿਰਤ ਵੀ ਜੋੜ ਲਈ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਖ ਵੱਖ ਖੇਤਰਾਂ ਤੋਂ ਇਲਾਵਾ ਪਾਕਿਸਤਾਨ ਦੇ ਗੁਰਦੁਆਰਿਆਂ ਤੋਂ ਖ਼ਾਲਸਾ ਮਾਰਚ ਅਤੇ ਨਗਰ ਕੀਰਤਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਨੂੰ ਆਮਦ ਆਮ ਪੰਥਕ ਵਰਤਾਰਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸਾ ਸੋਧ ਕੇ ਵੈਰੀ ’ਤੇ ਹਲਾ ਬੋਲਿਆ ਜਾਂਦਾ ਰਿਹਾ ਹੋਵੇ ਅਤੇ ਹੁਣ ਵੀ ਪੰਥ ਵੱਲੋਂ ਜ਼ਿਆਦਾਤਰ ਮੋਰਚਿਆਂ ਦੀ ਇਸੇ ਦਰ ਤੋਂ ਸ਼ੁਰੂਆਤ ਦੀ ਪਰੰਪਰਾ ਹੈ ਉੱਥੇ ਹੀ ਅੱਜ ਇਹ ਪਹਿਲੀ ਵਾਰ ਹੈ ਕਿ ਅਕਾਲੀ ਲੀਡਰਸ਼ਿਪ ਨੇ ਇਸ ਪਵਿੱਤਰ ਦਰ ਵਲ ਨੂੰ ਰੋਸ ਮਾਰਚ ਕੀਤਾ ਹੈ। ਰੋਸ ਮਾਰਚ ਉਨ੍ਹਾਂ ਵਲ ਕੀਤਾ ਜਾਂਦਾ ਹੈ ਜਿਨ੍ਹਾਂ ਪ੍ਰਤੀ ਰੋਸ ਹੋਵੇ। ਕੀ ਬਾਦਲਕੇ ਅਕਾਲੀਆਂ ਨੂੰ ਸ੍ਰੀ ਅਕਾਲ ਤਖ਼ਤ ਪ੍ਰਤੀ ਕੋਈ ਰੋਸ ਹੈ? ਹਰਿਆਣਾ ਕਮੇਟੀ ਪ੍ਰਤੀ ਹਾਰ ਸੁਪਰੀਮ ਕੋਰਟ ’ਚ ਹੋਈ, ਕੀ ਰੋਸ ਵਿਖਾਵਿਆਂ ਦਾ ਕੋਈ ਅਸਰ ਨਿਆਂ ਪ੍ਰਣਾਲੀ ’ਤੇ ਪਵੇਗਾ? ਜੇ ਇਹ ਵਰਤਾਰਾ ਸਿਆਸਤ ਤੋਂ ਪ੍ਰੇਰਿਤ ਹੈ ਤਾਂ ਰੋਸ ਸਰਕਾਰਾਂ ਪ੍ਰਤੀ ਹੋਵੇ,
ਪੰਥ ਦੀ ਸਿਰਮੌਰ ਸੰਸਥਾ ਵਲ ਰੋਸ ਮਾਰਚ ਵਰਗਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਕਿਧਰ ਦੀ ਪੰਥ ਪ੍ਰਸਤੀ ਹੈ? ਪੰਥਕ ਰਵਾਇਤਾਂ, ਮਰਿਆਦਾ ਤੇ ਸਿੱਖੀ ਸਿਧਾਂਤਾਂ ਤੋਂ ਪੂਰੀ ਤਰਾਂ ਜਾਣੂੰ ਹੋਣ ਦੇ ਬਾਵਜੂਦ ਮੁਆਫ਼ੀ ਮੰਗਣ ਵਾਲਿਆਂ ਨੂੰ ਮੁਆਫ਼ੀ ਨਾ ਦੇਣ ਦੇਣ ਪਰ ਸੌਦਾ ਸਾਧ ਨੂੰ ਬਿਨ ਮੰਗਿਆ ਮੁਆਫ਼ੀ ਦਿਵਾਉਣ, ਬੇਅਦਬੀ ਦੇ ਮਾਮਲਿਆਂ ’ਚ ਸ੍ਰੀ ਅਕਾਲ ਤਖ਼ਤ ਉੱਤੇ ਤਲਬ ਕੀਤੇ ਜਾਣ ਦੀ ਅਪੀਲ ’ਤੇ ਗ਼ਲਤੀਆਂ ਦੱਸੇ ਬਿਨਾ ਅਤੇ ਪੰਜ ਪਿਆਰਿਆਂ ਕੋਲ ਪੇਸ਼ ਹੋਏ ਬਿਨਾ ਭੁੱਲਾਂ ਬਖ਼ਸ਼ਾਉਣ ਦੀ ਸਿਆਸਤ ਕਰਨ ਵਾਲੇ ਅਕਾਲੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਰੋਸ ਮਾਰਚ ਦੀ ਇਕ ਨਵੀਂ ਪਰ ਗ਼ਲਤ ਪਿਰਤ ਪਾਉਣ ਦੀ ਕਦਾਚਿਤ ਕਿਸੇ ਨੂੰ ਆਸ ਨਹੀਂ ਸੀ। ਇਸ ਪ੍ਰਤੀ ਅਕਾਲੀਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਪਿਛਲੀ ਤਕਰੀਬਨ ਇੱਕ ਸਦੀ ਦੌਰਾਨ ਪੰਜਾਬ ਦੇ ਵਸਨੀਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਂਮੱਤਾ ਇਤਿਹਾਸ ਦੇਖਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਅਕਾਲੀ ਸਿਆਸਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਗ਼ਲਤ ਨੀਤੀਆਂ ਕਾਰਨ ਬਹੁਤ ਤੇਜ਼ੀ ਨਾਲ ਖੋਰਾ ਲੱਗਾ ਹੈ। ਗੁਰਬਾਣੀ ਦੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਪ੍ਰਣਾਈ ਪਾਰਟੀ ਵੱਲੋਂ ਦੇਸ਼ ਨੂੰ ਸਹੀ ਰੂਪ ਵਿਚ ਫੈਡਰਲ ਬਣਾਉਣ ਦਾ ਝੰਡਾ ਬੁਲੰਦ ਰੱਖਿਆ ਗਿਆ ਸੀ ਅੱਜ ਹਰਿਆਣਾ ਕਮੇਟੀ ਦਾ ਗੈਰ ਸਿਧਾਂਤਕ ਵਿਰੋਧ ਕੀਤੀ ਜਾ ਰਿਹਾ ਹੈ। ਲੋਕਾਂ ਲਈ ਜੇਲ੍ਹ ਕੱਟਣਾ ਜਾਂ ਕੁਰਬਾਨੀ ਕਰਨ ਨੂੰ ਪਹਿਲ ਦੇਣ ਵਾਲੇ ਸਾਦ-ਮੁਰਾਦੇ ਇਖ਼ਲਾਕੀ ਜਥੇਦਾਰਾਂ ਦੀ ਪਾਰਟੀ ’ਚ ਸਾਬਤ ਸੂਰਤ ਗੁਰਸਿੱਖਾਂ ਦੀ ਭਾਲ ਇਕ ਵੱਡੀ ਚੁਨੌਤੀ ਬਣ ਚੁੱਕੀ ਹੈ।

