ਅੰਮ੍ਰਿਤਸਰਪੰਜਾਬ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀ ਸਾਲਾਨਾ ਕਾਨਵੋਕੇਸ਼ਨ ’ਚ 400 ਵਿਦਿਆਰਥਣਾਂ ਨੂੰ ਵੰਡੀਆਂ ਡਿਗਰੀਆਂ

ਲੜਕੀਆਂ ਸ਼ਿਸ਼ਟਾਚਾਰ ਦੇ ਸਹੀ ਸਲੀਕੇ ਨਾਲ ਹਾਸਲ ਕਰ ਸਕਦੀਆਂ ਹਨ ਉਚੇ ਮੁਕਾਮ : ਛੀਨਾ

ਅੰਮ੍ਰਿਤਸਰ, 7 ਅਕਤੂਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਖੇਤਰ ’ਚ ਨਾਮਣਾ ਖੱਟ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਸਾਲਾਨਾ ਕਾਨਵੋਕੇਸ਼ਨ ਦੌਰਾਨ 400 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕਰਨ ਉਪਰੰਤ ਮੁੱਖ ਮਹਿਮਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਸ਼ਿਸ਼ਟਾਚਾਰ ਦੇ ਸਹੀ ਸਲੀਕੇ ਨਾਲ ਹਰੇਕ ਉਚ ਮੁਕਾਮ ਹਾਸਲ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੱਧਵਰਗੀ ਅਤੇ ਗਰੀਬ ਲੜਕੀਆਂ ਨੂੰ ਪੜ੍ਹਾਈ ਦੇ ਨਾਲ ਸਵੈ‐ਰੋਜ਼ਗਾਰ ਅਪਨਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਹਰੇਕ ਖੇਤਰ ’ਚ ਲੜਕੀਆਂ ਦਾ ਕਦਮ ਸਫ਼ਲਤਾਪੂਰਵਕ ਹੈ ਅਤੇ ਭਵਿੱਖ ’ਚ ਆਪਣੀ ਅਲੱਗ ਪਹਿਚਾਨ ਸਥਾਪਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਲੜਕੀ ਦਾ ਸੁਪਨਾ ਗਾਊਨ ਪਹਿਨ ਕੇ ਕਿਸੇ ਸਖਸ਼ੀਅਤਾਂ ਪਾਸੋਂ ਡਿਗਰੀ ਪ੍ਰਾਪਤ ਕਰਨ ਦਾ ਹੁੰਦਾ ਹੈ ਪਰ ਇਸ ਲਈ ਜਰੂਰੀ ਹੈ ਕਿ ਲੜਕੀਆਂ ਸਿੱਖਿਅਤ ਹੋਣ ਦੇ ਨਾਲ‐ਨਾਲ ਹੱਥੀਕਾਰ ਕਿੱਤਾਮੁੱਖੀ ਵੀ ਬਣੇ ਤਾਂ ਕਿ ਉਨ੍ਹਾਂ ਨੂੰ ਕਿਸੇ ਦਾ ਮੁਥਾਜ਼ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਕੁੜੀਆਂ ਮੁੰਡਿਆਂ ਨਾਲ ਅਗਾਂਹ ਹਨ, ਚਾਹੇ ਉਹ ਕੋਈ ਖੇਤਰ ਹੋਵੇ ਲੜਕੀਆਂ ਆਪਣਾ ਅਲੱਗ ਮੁਕਾਮ ਹਾਸਲ ਕਰਨ ਲਈ ਯਤਨਸ਼ੀਲ ਹੈ।

ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਕਾਨਵੋਕੇਸ਼ਨ ’ਚ ਸ: ਛੀਨਾ ਨੇ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਦੀਆਂ 400 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕੀਤੀਆਂ। ਇਸ ਤੋਂ ਪਹਿਲਾਂ ਪ੍ਰਿੰ: ਸ: ਨਾਨਕ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਕੀਤਾ ਗਿਆ। ਇਸ ਉਪਰੰਤ ਪ੍ਰਿੰ: ਸ: ਨਾਨਕ ਸਿੰਘ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀ ਵਿੱਦਿਅਕ, ਸੱਭਿਆਚਾਰਕ ਖੇਤਰ ’ਚ ਹਾਸਲ ਕੀਤੀਆਂ ਉਪਲਬੱਧੀਆਂ ਤੇ ਸਰਗਰਮੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਸ: ਸੰਤੋਖ ਸਿੰਘ ਸੇਠੀ, ਪ੍ਰਿੰਸੀਪਲ ਸ: ਜਗਦੀਸ਼ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਅੰਡਰ ਸੈਕਟਰੀ ਡੀ. ਐਸ. ਰਟੌਲ ਤੋਂ ਇਲਾਵਾ ਸਮੂੰਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ। ਇਸ ਮੌਕੇ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *