ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਨਿਵੇਕਲੇ ਕੋਰਸਾਂ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪਿਛਲੇ ਸੈਸ਼ਨ ਤੋਂ ਚੱਲ ਰਹੇ ਨਿਵੇਕਲੀ ਕਿਸਮ ਦੇ ‘ਪੰਜ ਸਾਲਾ ਇੰਟੀਗਰੇਟਿਡ ਕੋਰਸਾਂ’ ਦੇ ਵਿਦਿਆਰਥੀਆਂ ਲਈ ਰੱਖੇ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਇਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੋਏ। ਇਸ ਮੌਕੇ ਬੋਲਦਿਆਂ ਉਨ੍ਹਾਂ ਆਪਣੇ ਅਨੁਭਵ ਵਿਦਿਆਰਥੀਆਂ ਨਾਲ਼ ਸਾਂਝੇ ਕਰਦਿਆਂ ਉਨ੍ਹਾਂ ਨੂੰ ਜਿ਼ੰਦਗੀ ਵਿੱਚ ਆਪੋ-ਆਪਣੀ ਮੌਲਿਕ ਪਛਾਣ ਕਾਇਮ ਕਰਨ ਹਿਤ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕਰਨ ਪਿੱਛੇ ਬਹੁਤ ਵੱਡੇ ਉਦੇਸ਼ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਇਸ ਖਿੱਤੇ ਵਿੱਚੋਂ ਮੌਲਿਕ ਕਿਸਮ ਦੇ ਵਿਦਵਾਨ, ਮੌਲਿਕ ਕਿਸਮ ਦੇ ਵਿਗਿਆਨੀ ਅਤੇ ਮੌਲਿਕ ਕਿਸਮ ਦੇ ਚਿੰਤਕ ਪੈਦਾ ਕਰਨਾ ਚਾਹੁੰਦੇ ਹਾਂ। ਇਨ੍ਹਾਂ ਕੋਰਸਾਂ ਵਿੱਚ ਵੱਖ-ਵੱਖ ਵਿਸਿ਼ਆਂ ਦੀ ਚੋਣ ਕਰਨ ਦੀ ਸਹੂਲਤ ਨਾਲ਼ ਵਿਦਿਆਰਥੀ ਗਿਆਨ ਦੀਆਂ ਇੱਕ ਤੋਂ ਵੱਧ ਧਾਰਾਵਾਂ ਨਾਲ਼ ਸਮਾਨਾਂਤਰ ਤੌਰ ਉੱਤੇ ਜੁੜ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਾਪਤ ਗਿਆਨ ਦੀ ਅਸਲ ਪਰਖ ਉਸ ਨੂੰ ਵਰਤਣ ਨਾਲ ਹੀ ਹੋ ਸਕਦੀ ਹੈ। ਜਿ਼ਕਰਯੋਗ ਹੈ ਕਿ ਆਪਣੇ ਇਸ ਕਥਨ ਰਾਹੀਂ ਉਨ੍ਹਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਆਪੋ ਆਪਣੇ ਖੇਤਰ ਵਿੱਚ ਵਿਹਾਰਕ ਪੱਧਰ ਉੱਤੇ ਕੰਮ ਕਰਨ ਅਤੇ ਪੰਜਾਬ ਦੀ ਭਲਾਈ ਨਾਲ਼ ਜੁੜੇ ਹਿਤਾਂ ਖਾਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਛੇ ਵੱਖ-ਵੱਖ ਕੋਰਸਾਂ ਵਿੱਚੋਂ ਪਹਿਲੇ ਸਾਲ ਦੌਰਾਨ ਅੱਵਲ ਰਹਿਣ ਵਾਲੇ ਵਿਦਿਆਰਥੀ ਪਰਨੀਤ ਕੌਰ, ਯਸਿ਼ਕਾ ਸ਼ਰਮਾ, ਗੁਰਨੂਰ ਕੌਰ, ਸਾਹਿਲ ਸ਼ਰਮਾ, ਸੌਰਵ ਸ਼ਰਮਾ ਅਤੇ ਪਰਮਦੀਪ ਸਿੰਘ ਵੱਲੋਂ ਵੀ ਆਪਣੇ ਅਨੁਭਵ ਸਾਂਝੇ ਕੀਤੇ ਗਏ।

ਇਸ ਮੌਕੇ ਬੋਲਦਿਆਂ ਭਾਸ਼ਾਵਾਂ ਨਾਲ ਜੁੜੇ ਕੋਰਸ ਦੇ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਵੱਖਰੀ ਭਾਂਤ ਦੇ ਇਨ੍ਹਾਂ ਕੋਰਸਾਂ ਨੂੰ ਮੁਕੰਮਲ ਕਰਨ ਵਾਲ਼ੇ ਇਨ੍ਹਾਂ ਵੱਖਰੀ ਭਾਂਤ ਦੇ ਵਿਦਿਆਰਥੀਆਂ ਤੋਂ ਪੰਜਾਬੀ ਯੂਨੀਵਰਸਿਟੀ ਬਹੁਤ ਉਮੀਦ ਕਰਦੀ ਹੈ। ਉਨ੍ਹਾਂ ਕੁੱਝ ਰੌਚਿਕ ਤੱਥ ਸਾਂਝੇ ਕਰਦਿਆਂ ਭਾਸ਼ਾਵਾਂ ਨਾਲ ਜੁੜੇ ਕੋਰਸ ਦੇ ਹਵਾਲੇ ਨਾਲ ਦੱਸਿਆ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਕੋਲ਼ ਛੇ ਭਾਸ਼ਾਵਾਂ ਨੂੰ ਜਾਣਨ ਵਾਲੇ ਵਿਦਿਆਰਥੀ ਹੋਣਗੇ। ਅਜਿਹੇ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਤੋਂ ਪੰਜਾਬ ਨੂੰ ਨਵੀਂਆਂ ਉਮੀਦਾਂ ਰੱਖ ਸਕਦਾ ਹੈ। ਇਸੇ ਤਰ੍ਹਾਂ ਹੋਰਨਾਂ ਵਿਸਿ਼ਆਂ ਨਾਲ਼ ਸੰਬੰਧਤ ਕੋਰਸਾਂ ਵਿੱਚੋਂ ਵੀ ਇਸੇ ਕਿਸਮ ਦੇ ਵਿਦਿਆਰਥੀਆਂ ਦਾ ਪੂਰ ਪੈਦਾ ਹੋਵੇਗਾ ਜਿਸ ਨਾਲ਼ ਹਰ ਖੇਤਰ ਵਿੱਚ ਮੌਲਿਕ ਕਿਸਮ ਦੇ ਚਿੰਤਨ ਦੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਸਿ਼ਆਂ ਦੇ ਅਜਿਹੇ ਨਿਵੇਕਲੇ ਤਾਲਮੇਲ ਵਿੱਚੋਂ ਸਿਰਜਣਸ਼ੀਲਤਾ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸ ਮੌਕੇ ਪ੍ਰੋ. ਸੰਜੀਵ ਪੁਰੀ ਨੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਇੱਕ ਪੇਸ਼ਕਾਰੀ ਦਿੱਤੀ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਕਿਹੜੇ ਵਿਸ਼ੇ ਅਤੇ ਕਿਵੇਂ ਚੁਣ ਸਕਦੇ ਹਨ। ਉਨ੍ਹਾਂ ਵੱਲੋਂ ਇਸ ਕੋਰਸ ਉਪਰੰਤ ਰੁਜ਼ਗਾਰ ਨਾਲ਼ ਜੁੜੀਆਂ ਵੱਖ-ਵੱਖ ਖੇਤਰਾਂ ਦੀਆਂ ਸੰਭਾਵਨਾਵਾਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਆਪਣੀ ਇੱਕ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਯੂਨੀਵਰਸਿਟੀ ਨਾਲ਼ ਜੁੜੀ ਪੁਖਤਾ ਜਾਣਕਾਰੀ ਲਈ ਯੂਨੀਵਰਸਿਟੀ ਦੇ ਆਪਣੇ ਸੋਸ਼ਲ ਮੀਡੀਆ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਮੌਕੇ ਇਨ੍ਹਾਂ ਕੋਰਸਾਂ ਦੇ ਸੰਬੰਧਤ ਕੋਆਰਡੀਨੇਟਰ ਡਾ. ਨਿਵੇਦਿਤਾ ਅਤੇ ਪ੍ਰੋ. ਹਿਮੇਂਦਰ ਭਾਰਤੀ ਵੱਲੋਂ ਵੀ ਸੰਬੋਧਨ ਕੀਤਾ ਗਿਆ।

Leave a Reply

Your email address will not be published. Required fields are marked *