ਪੀ.ਐਸ.ਈ.ਬੀ. ਇਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਦੋ ਰੋਜ਼ਾ ਹੜਤਾਲ ਅੱਜ
ਪਟਿਆਲਾ 7 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਕੌਮੀ ਪੱਧਰ ਦੀਆਂ ਟਰੇਡ ਯੂਨੀਅਨਾਂ, ਫੈਡਰੇਸ਼ਨਾਂ ਅਤੇ ਬਿਜਲੀ ਕਰਮਚਾਰੀਆਂ ਤੇ ਇੰਜੀਨੀਅਰਾਂ ਦੀਆਂ ਕੌਮੀ ਫੈਡਰੇਸ਼ਨਾਂ ਤੇ ਅਧਾਰਤ ਬਣੀ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ਉੱਪਰ 8 ਅਤੇ 9 ਜਨਵਰੀ 2019 ਨੂੰ ਦੇਸ਼ ਵਿਆਪੀ ਦੋ ਰੋਜ਼ਾ ਹੜਤਾਲ ਨੂੰ ਸਫ਼ਲ ਕਰਨ ਲਈ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟਰੀਅਲ ਸਰਵਿਸਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ, ਥਰਮਲ ਇੰਪਲਾਈਜ਼ ਕੁਆਰੀਡਨੇਸ਼ਨ ਕਮੇਟੀ ਨੇ ਤਿਆਰੀ ਮੁਕੰਮਲ ਕਰ ਲਈ ਹੈ।
ਜੱਥੇਬੰਦੀਆਂ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜੈਲ ਸਿੰਘ, ਬਲਵਿੰਦਰ ਸਿੰਘ ਸੰਧੂ, ਸਿਕੰਦਰ ਨਾਥ, ਹਰਭਜਨ ਸਿੰਘ, ਕਾਰਜਵਿੰਦਰ ਸਿੰਘ, ਸੁਖਦੇਵ ਸਿੰਘ ਰੋਪੜ, ਕਮਲਜੀਤ ਸਿੰਘ, ਗੁਰਸੇਵਕ ਸਿੰਘ, ਬ੍ਰਿਜ ਲਾਲ, ਰਣਬੀਰ ਸਿੰਘ ਪਾਤੜਾਂ ਨੇ ਦੱਸਿਆ ਕਿ ਇਹ ਦੋ ਰੋਜ਼ਾਂ ਹੜਤਾਲ 7 ਸਤੰਬਰ ਦੀ ਰਾਤ ਨੂੰ 10 ਵਜੇ ਅਤੇ 12 ਵਜੇ ਦੀਆਂ ਸਿਫਟਾਂ ਅਨੁਸਾਰ ਸ਼ੁਰੂ ਹੋਵੇਗੀ ਅਤੇ ਲਗਾਤਾਰ ਦੋ ਦਿਨ ਜਾਰੀ ਰਹੇਗੀ। ਬਿਜਲੀ ਕਾਮੇ ਇਹ ਹੜਤਾਲ ਕਰਕੇ ਸਾਰੇ ਪੰਜਾਬ ਵਿੱਚ ਸ਼ਹਿਰਾਂ, ਕਸਬਿਆਂ ਵਿੱਚ ਹੋ ਰਹੀਆਂ ਰੈਲੀਆਂ ਵਿੱਚ ਹਜਾਰਾਂ ਬਿਜਲੀ ਕਾਮੇ ਸ਼ਮੂਲੀਅਤ ਕਰਨਗੇ। ਦੇਸ਼ ਦੇ ਸਮੁੱਚੇ ਮਜਦੂਰਾਂ, ਕਿਸਾਨਾਂ ਅਤੇ ਮੁਲਾਜਮਾਂ ਨਾਲ ਮਿਲਕੇ ਬਿਜਲੀ ਨਿਗਮ ਵਿੱਚ ਵੀ ਮੁਕੰਮਲ ਦੋ ਰੋਜ਼ਾ ਹੜਤਲ ਕਰਨਗੇ।
ਇਨ•ਾਂ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਜਿਸ ਤਹਿਤ ਰਾਜ ਬਿਜਲੀ ਬੋਰਡ ਤੋੜੇ ਗਏ ਹਨ, ਬਿਜਲੀ ਦੇ ਸਮੁੱਚੇ ਕੰਮਾਂ ਪ੍ਰਾਈਵੇਟ ਹੱਥਾਂ ‘ਚ ਦੇਣ ਲਈ ਬਿਜਲੀ ਸੋਧ ਐਕਟ 2018 ਪਾਸ ਕੀਤਾ ਜਾ ਰਿਹਾ ਹੈ, ਰੈਗੂਲਰ ਕੰਮਾਂ ਵਿਰੁੱਧ ਰੈਗੂਲਰ ਭਰਤੀ ਕਰਨ ਦੀ ਥਾਂ ਨਿਗੁਣੀਆਂ ਉਜਰਤਾਂ ਰਾਹੀਂ ਕਾਮਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਬੇਰੋਜਗਾਰੀ ਵੱਧ ਰਹੀ ਹੈ। ਮਾਲਕਾਂ ਨੂੰ ਲਾਭ ਦੇਣ ਲਈ ਲੇਬਰ ਕਾਨੂੰਨਾਂ ‘ਚ ਸੋਧਾਂ ਕੀਤੀਆਂ ਜਾ ਰਹੀਆਂ ਹਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਇਨਕਾਰੀ ਹੈ, ਸਰਕਾਰੀ ਅਦਾਰੇ ਤੋੜੇ ਜਾ ਰਹੇ ਹਨ, ਸਰਕਾਰ ਦੀਆਂ ਨੀਤੀਆਂ ਕਾਰਨ ਕੀਮਤਾਂ ਦੇ ਵਾਧੇ ਅਤੇ ਰੋਜ਼ਗਾਰ ਦੇ ਅਵਸਰ ਘੱਟਣ ਨਾਲ ਆਮ ਲੋਕਾਂ ਅਤੇ ਕਿਸਾਨਾਂ ਦੀ ਹਾਲਤ ਦੁੱਭਰ ਹੋ ਰਹੀ ਹੈ। ਕੇਂਦਰ ਸਰਕਾਰ ਫਿਰਕਾਪ੍ਰਸਤੀ ਨੂੰ ਸ਼ਹਿ ਦੇ ਰਹੀ ਹੈ। ਸੂਬਾ ਸਰਕਾਰ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁਨਕਰ ਹੋ ਰਹੀ ਹੈ। ਜਿਸ ਕਰਕੇ ਸਮੁੱਚੇ ਮੁਲਾਜਮ, ਮਜਦੂਰ ਅਤੇ ਮਿਹਨਤਕਸ਼ ਲੋਕਾਂ ਵਿੱਚ ਰੋਸ ਤੇ ਬੇਚੈਨੀ ਵੱਧ ਰਹੀ ਹੈ। ਇਸ ਹੜਤਾਲ ਕਾਰਨ ਜਿੱਥੇ ਦੇਸ਼ ਪੱਧਰ ਤੇ ਸੇਵਾਵਾਂ ਤੇ ਡੂੰਘਾ ਅਸਰ ਪਵੇਗਾ, ਉੱਥੇ ਬਿਜਲੀ ਨਿਗਮ ਵਿੱਚ ਖਪਤਕਾਰਾਂ ਨੂੰ ਸੇਵਾਵਾਂ ਦੇਣ ਅਤੇ ਬਿਜਲੀ ਸਬੰਧੀ ਸ਼ਿਕਾਇਤਾਂ ਦੂਰ ਕਰਨ ਤੇ ਵੀ ਅਸਰ ਪਵੇਗਾ। ਜੇਕਰ ਸਰਕਾਰ ਨੇ ਲੋਕ ਵਿਰੋਧੀ ਤੇ ਮੁਲਾਜਮ ਮਜਦੂਰ ਵਿਰੋਧੀ ਨੀਤੀਆਂ ਨਾਂ ਬਦਲੀਆਂ ਤਾਂ ਸਰਕਾਰ ਤੇ ਇਸ ਦਾ ਡੂੰਘਾ ਅਸਰ ਪਵੇਗਾ।

